ਅਕਾਲੀ ਦਲ ਤੇ ਭਾਜਪਾ ਦਾ ਹੋ ਸਕਦਾ ਸਮਝੌਤਾ

ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਇਕ ਵਾਰ ਮੁੜ ਸੱਤਾ ਦੇ ਗਲਿਆਰਿਆਂ ’ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਟੁੱਟਿਆ ਨਾਤਾ ਮੁੜ ਜੁੜਨ ਦੀਆਂ ਅਟਕਲਾਂ ਨੇ ਜ਼ੋਰ ਫੜਿਆ ਹੈ। ਦੋਵਾਂ ਸਿਆਸੀ ਪਾਰਟੀਆਂ ਦੀ ਸਾਂਝ ਪੈਣ ਦੇ ਸੰਕੇਤ ਇਸ ਕਰਕੇ ਮਿਲ ਰਹੇ ਹਨ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖ਼ੁਦ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਗੱਲਬਾਤ ਚੱਲਦੀ ਹੋਣ ਦੀ ਹਾਮੀ ਭਰੀ ਹੈ। ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 22 ਮਾਰਚ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ’ਚ ਭਾਜਪਾ ਨਾਲ ਗਠਜੋੜ ਦੇ ਮੁੱਦੇ ਤੇ ਸੂਬੇ ਦੀ ਮੌਜੂਦਾ ਸਿਆਸੀ ਸਮੀਕਰਣ ’ਤੇ ਚਰਚਾ ਮਗਰੋਂ ਅਕਾਲੀ-ਭਾਜਪਾ ਗਠਜੋੜ ਦੀ ਟੁੱਟੀ ਤੰਦ ਜੁੜ ਸਕਦੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਨਿੱਜੀ ਚੈਨਲ ’ਤੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਬਾਰੇ ਉਨ੍ਹਾਂ ਦੀ ਗੱਲਬਾਤ ਜਾਰੀ ਹੈ। ਹਾਲਾਂਕਿ ਉਨ੍ਹਾਂ ਨੇ ਸੀਟਾਂ ਬਾਰੇ ਤਸਵੀਰ ਸਪਸ਼ਟ ਨਹੀਂ ਕੀਤੀ। ਜਾਣਕਾਰਾਂ ਮੁਤਾਬਕ ਭਾਜਪਾ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਚੋਂ ਛੇ ਸੀਟਾਂ ’ਤੇ ਦਾਅਵਾ ਠੋਕ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਚਾਰ ਸੀਟਾਂ ਦੇਣ ਲਈ ਹੀ ਤਿਆਰ ਹੈ। ਜਦਕਿ ਅਕਾਲੀ ਦਲ ਪਹਿਲਾਂ ਭਾਜਪਾ ਨੂੰ ਲੋਕ ਸਭਾ ਦੀਆਂ ਤਿੰਨ ਸੀਟਾਂ ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦਿੰਦਾ ਰਿਹਾ ਹੈ। ਹੁਣ ਸਿਆਸੀ ਸਮੀਕਰਣ ਬਦਲ ਗਏ ਹਨ। ਸ਼ਾਹੀ ਪਰਿਵਾਰ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਪਟਿਆਲਾ ਸੀਟ ’ਤੇ ਪਰਨੀਤ ਕੌਰ ਦੇ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰਨ ਦੀ ਸੰਭਾਵਨਾਂ ਹੈ। ਇਸ ਤਰ੍ਹਾਂ ਭਾਜਪਾ ਜਲੰਧਰ ਤੇ ਲੁਧਿਆਣਾ ਸੀਟ ਵੀ ਮੰਗ ਰਹੀ ਹੈ।

ਓਧਰ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ’ਚ ਵਾਪਸੀ ਪਿੱਛੇ ਵੀ ਭਾਜਪਾ ਦਾ ਹੱਥ ਦੱਸਿਆ ਜਾ ਰਿਹਾ ਹੈ। ਚਰਚਾ ਹੈ ਕਿ ਭਾਜਪਾ ਹਾਈਕਮਾਨ ਨੇ ਹੀ ਢੀਂਡਸਾ ਤੇ ਬਾਦਲ ਪਰਿਵਾਰ ਦੀਆਂ ਜੱਫ਼ੀਆ ਪੁਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਘਰ ਵਾਪਸੀ ਕਰ ਲਈ ਹੈ। ਉਨ੍ਹਾਂ ਕੋਰ ਕਮੇਟੀ ’ਚ ਵੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾਂ ਹੈ।

ਜ਼ਿਕਰਯੋਗ ਹੈ ਕਿ 2020 ’ਚ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਅਕਾਲੀ ਦਲ ਤੇ ਭਾਜਪਾ ਦੀ ਕਰੀਬ ਤਿੰਨ ਦਹਾਕਿਆਂ ਪੁਰਾਣੀ ਸਾਂਝ ਟੁੱਟ ਗਈ ਸੀ। ਖੇਤੀ ਕਾਨੂੰਨ ਤਾਂ ਵਾਪਸ ਹੋ ਗਏ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਲਾਭ ਨਹੀਂ ਮਿਲਿਆ। ਉਸ ਤੋਂ ਬਾਅਦ ਕਈ ਵਾਰੀ ਅਕਾਲੀ ਦਲ ਤੇ ਭਾਜਪਾ ’ਚ ਮੁੜ ਗਠਜੋੜ ਦੀਆਂ ਖ਼ਬਰਾਂ ਆਈਆਂ। ਬੀਤੇ ਦਿਨੀਂ ਵੀ ਜਦੋਂ ਗਠਜੋੜ ਦੀਆਂ ਖ਼ਬਰਾਂ ਚੱਲੀਆਂ ਤਾਂ ਨਵੇਂ ਸਿਰੇ ਤੋਂ ਸ਼ੁਰੂ ਹੋਏ ਕਿਸਾਨੀ ਅੰਦੋਲਨ ਦੀ ਆਹਟ ਕਾਰਨ ਸਮਝੌਤਾ ਠੰਡੇ ਬਸਤੇ ’ਚ ਪੈ ਗਿਆ

Leave a Reply

Your email address will not be published. Required fields are marked *