ਹੇ ਭਾਈ! ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ (ਦੇ ਨਾਮ) ਨਾਲ ਪਤੀਜ ਜਾਂਦਾ ਹੈ, ਉਹ ਮਨੁੱਖ ਉਸ ਮਾਲਕ-ਪ੍ਰਭੂ ਨੂੰ ਸਭ ਵਿਚ ਇਕ-ਰਸ ਵੱਸਦਾ ਪਛਾਣ ਲੈਂਦਾ ਹੈ।੧।ਰਹਾਉ।ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਅਗਾਂਹ ਆਉਣ ਵਾਲੇ ਜੀਵਨ ਵਿਚ ਪ੍ਰਭੂ ਨੇ ਸੁਖ ਬਣਾ ਦਿੱਤਾ, ਜਿਸ ਦੇ ਬੀਤ ਚੁਕੇ ਜੀਵਨ ਵਿਚ ਭੀ ਪ੍ਰਭੂ ਨੇ ਆਨੰਦ ਬਣਾਈ ਰੱਖਿਆ, ਜਿਸ ਮਨੁੱਖ ਵਾਸਤੇ ਪਰਮੇਸਰ ਨੇ ਇਹੋ ਜਿਹੀ ਵਿਓਂਤ ਬਣਾ ਰੱਖੀ, ਉਹ ਮਨੁੱਖ (ਲੋਕ ਪਰਲੋਕ ਵਿਚ) ਕਿਤੇ ਭੀ ਡੋਲਦਾ ਨਹੀਂ।੧।
ਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ। ਹੇ ਪ੍ਰਭੂ! ਤੂੰ ਅਸਚਰਜ-ਸਰੂਪ ਹੈਂ। ਤੇਰੀ ਬਖ਼ਸ਼ਸ਼ ਭੀ ਹੈਰਾਨ ਕਰ ਦੇਣ ਵਾਲੀ ਹੈ। ਹੇ ਨਾਨਕ! ਆਖ-ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਹ) ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ।੨।੨੩।੮੭।(ਪਰਮਾਤਮਾ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪਰਮਾਤਮਾ ਦੇ) ਗੁਣ ਚੇਤੇ ਕਰਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ। ਪਰਮਾਤਮਾ ਦੇ ਗੁਣ ਗਾਵਣੇ, ਮਾਨੋ, ਇਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤਕ ਪਹੁੰਚ ਸਕੀਦਾ ਹੈ, (ਇਸ ਪੌੜੀ ਤੇ ਚੜ੍ਹਨ ਦੀ ਬਰਕਤਿ ਨਾਲ ਮੇਰੇ ਅੰਦਰ) ਸਦਾ-ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ।
ਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮਤਿ ਅਟੱਲ ਹੋ ਜਾਂਦੀ ਹੈ। ਪਰਮਾਤਮਾ ਅਟੱਲ ਹੈ। (ਜੇ ਗੁਣ ਗਾਵਣ ਵਾਲੀ ਮਤਿ ਨਹੀਂ ਬਣੀ, ਤਾਂ) ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਪਰਮਾਤਮਾ ਨੂੰ ਖ਼ੁਸ਼ ਨਹੀਂ ਕਰ ਸਕਦਾ। (ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿਚੋਂ) ਧੋਖੇ-ਫ਼ਰੇਬ, ਮੋਹ ਦੇ ਚਮਤ-ਕਾਰੇ, ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ। ਉਸ ਦੇ ਅੰਦਰ ਨਾਹ ਝੂਠ ਰਹਿ ਜਾਂਦਾ ਹੈ, ਨਾਹ ਠੱਗੀ ਰਹਿੰਦੀ ਹੈ, ਨਾਹ ਮੇਰ-ਤੇਰ ਰਹਿੰਦੀ ਹੈ।