ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਡਾ ਹਮਲਾ ਬੋਲਿਆ ਹੈ। ਬਿੱਟੂ ਨੇ ਆਖਿਆ ਹੈ ਕਿ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਸਗੋਂ ਕਿਸਾਨ ਲੀਡਰ ਹਨ। ਉਨ੍ਹਾਂ ਕਿਹਾ ਕਿ ਇਹ ਖਾਦ ਦੀਆਂ ਟ੍ਰੇਨਾਂ ਲੁੱਟ ਕੇ ਇਹ ਸਾਬਿਤ ਕਰਨਾ ਚਾਹੁੰਦੇ ਕਿ ਇਹ ਤਾਲਿਬਾਨੀ ਬਣ ਗਏ ਹਨ। ਬਿੱਟੂ ਨੇ ਕਿਹਾ ਕਿ ਕਿਸਾਨ ਤਾਂ ਵਿਚਾਰਾ ਭੋਲਾ-ਭਾਲਾ ਹੈ, ਜੋ ਇਸ ਸਮੇਂ ਮੰਡੀਆਂ ਵਿਚ ਰੁਲ ਰਿਹਾ ਹੈ। ਜਦਕਿ ਇਹ ਕਿਸਾਨ ਲੀਡਰ ਤਾਂ ਅਪਾਇੰਟ ਕੀਤੇ ਗਏ ਹਨ। ਜੋ ਮਿੱਥ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ।
ਬਿੱਟੂ ਨੇ ਕਿਹਾ ਕਿ ਇਨ੍ਹਾਂ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਵੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਖਤਾ ਜਾਂਚ ਹੋਵੇਗੀ ਕਿ ਇਨ੍ਹਾਂ ਕਿਸਾਨ ਲੀਡਰਾਂ ਕੋਲ ਪਹਿਲਾਂ ਕਿੰਨੀਆਂ ਜਾਇਦਾਦਾਂ ਸਨ ਅਤੇ ਅੰਦੋਲਨਾਂ ਤੋਂ ਬਾਅਦ ਇਸ ਵਿਚ ਕਿੰਨਾ ਵਾਧਾ ਹੋਇਆ ਹੈ।
ਰਵਨੀਤ ਸਿੰਘ ਬਿੱਟੂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਹੋਏ ਸਨ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਮੰਤਰੀ ਬਣਨ ਦੀ ਖੁਸ਼ੀ ‘ਚ ਉਹਨਾਂ ਦੇ ਸਾਥੀਆਂ ਵੱਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਉਹ ਪਹੁੰਚੇ ਹਨ। ਸਵਾਲਾਂ ਦੇ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਆਪਣੀ ਪਤਨੀ ਨੂੰ ਟਿਕਟ ਦਿਵਾ ਕਿ ਰਾਜਾ ਵੜਿੰਗ ਨੇ ਪਰਿਵਾਰ ਤੋਂ ਵੱਧ ਕੁਝ ਨਹੀਂ ਸੋਚਿਆ। ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਗਿੱਦੜਬਾਹਾ ਦੇ ਕਾਂਗਰਸੀਆਂ ‘ਤੇ ਤਰਸ ਆਉਂਦਾ ਹੈ, ਰਾਜਾ ਵੜਿੰਗ ਕਵਰਿੰਗ ਉਮੀਦਵਾਰ ਵਜੋਂ ਮਾਮੇ ਦੇ ਕਾਗਜ਼ ਭਰਾ ਵਾਰ-ਵਾਰ ਰਿਹਰਸਲ ਕਰਵਾ ਰਹੇ ਹਨ। ਰਾਜਾ ਵੜਿੰਗ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਲਈ ਪਰਿਵਾਰ ਤੋਂ ਵੱਧ ਕੇ ਕੁਝ ਨਹੀਂ ਹੈ। ਕਾਂਗਰਸ ਵਿਚ ਸਿਰਫ ਪਰਿਵਾਰਵਾਦ ਹਾਵੀ ਹੈ।