ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਸ ਬਾਰੇ ਸਿੱਖਿਆ ਵਿਭਾਗ ਵੱਲੋਂ ਲਿਖਤੀ ਨੋਟੀਫਿਕੇਸ਼ਨ ਜਲਦ ਹੀ ਜਾਰੀ ਕੀਤਾ ਜਾਏਗਾ। ਇਸ ਵਾਰ ਲਗਾਤਾਰ 41 ਦਿਨ ਸਕੂਲ ਬੰਦ ਰਹਿਣਗੇ। ਦੱਸ ਦਈਏ ਕਿ ਤੇਜ਼ ਗਰਮੀ ਤੇ ਹੀਟ ਵੇਵ ਦੇ ਰੈੱਡ ਅਲਰਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ 21 ਮਈ ਤੋਂ 30 ਮਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਪਹਿਲਾਂ ਸਕੂਲਾਂ ਵਿੱਚ ਸਮਾਂ ਬਦਲਿਆ ਗਿਆ ਸੀ ਪਰ ਇਸ ਦੇ ਬਾਵਜੂਦ ਬੱਚਿਆਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਸੀ। ਇਸ ਤੋਂ ਬਾਅਦ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਛੁੱਟੀਆਂ ਕਰਨ ਦਾ ਫੈਸਲਾ ਲਿਆ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਲਿਖਤੀ ਹੁਕਮ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ।

ਦੱਸ ਦਈਏ ਕਿ ਆਮ ਤੌਰ ‘ਤੇ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ 30 ਦੇ ਕਰੀਬ ਛੁੱਟੀਆਂ ਹੁੰਦੀਆਂ ਹਨ। ਇਸ ਵਾਰ 21 ਮਈ ਤੋਂ 30 ਜੂਨ ਤੱਕ ਲਗਾਤਾਰ 41 ਦਿਨ ਸਕੂਲ ਬੰਦ ਰਹਿਣਗੇ। ਹੁਣ ਪਹਿਲੀ ਜੁਲਾਈ ਨੂੰ ਸਕੂਲ ਖੁੱਲ੍ਹਣਗੇ। ਦਰਅਸਲ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸਿੱਖਿਆ ਵਿਭਾਗ ਵੱਲੋਂ ਸੂਬੇ ਵਿੱਚ ਗਰਮੀ ਤੇ ਹੀਟ ਵੇਵ ਦੇ ਅਲਰਟ ਨੂੰ ਲੈ ਕੇ ਚਰਚਾ ਕੀਤੀ ਗਈ ਸੀ। ਇਸ ਦੇ ਨਾਲ ਹੀ ਸਕੂਲਾਂ ਦਾ ਸਮਾਂ ਬਦਲਣ ਸਬੰਧੀ ਵੀ ਹੁਕਮ ਜਾਰੀ ਕੀਤੇ ਗਏ ਸੀ। ਉਸ ਸਮੇਂ ਇਹ ਫੈਸਲਾ ਕੀਤਾ ਗਿਆ ਸੀ ਕਿ 20 ਮਈ ਤੋਂ 30 ਮਈ ਤੱਕ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ। ਜਦੋਂਕਿ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰੇ 10.15 ਤੋਂ ਦੁਪਹਿਰ 1.15 ਵਜੇ ਤੱਕ ਬਦਲ ਦਿੱਤਾ ਗਿਆ ਸੀ। ਪੰਜਾਬ ‘ਚ ਪਾਰਾ 45 ਡਿਗਰੀ ਨੂੰ ਪਾਰ ਕਰ ਜਾਵੇਗਾ—ਮੌਸਮ ਵਿਭਾਗ ਮੁਤਾਬਕ ਪੰਜਾਬ ‘ਚ ਅੱਜ (20 ਮਈ) ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 20 ਡਿਗਰੀ ਰਹੇਗਾ। ਅਗਲੇ ਇੱਕ ਹਫ਼ਤੇ ਤੱਕ ਜ਼ਿਲ੍ਹੇ ਵਿੱਚ ਹੀਟਵੇਵ ਦੇ ਹਾਲਾਤ ਬਣੇ ਰਹਿਣ ਦਾ ਅਨੁਮਾਨ ਹੈ ਅਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੱਕ ਚਲਾ ਜਾਵੇਗਾ।

ਦੇਸ਼ ਦੇ ਬਾਕੀ ਸੂਬਿਆਂ ‘ਚ ਵੀ ਅਜਿਹਾ ਹੀ ਰਹੇਗਾ ਮੌਸਮ—ਮੌਸਮ ਵਿਭਾਗ ਅਨੁਸਾਰ ਰਾਜਸਥਾਨ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਮੱਧ ਭਾਰਤ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 2-3 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ। ਉੱਤਰ-ਪੱਛਮੀ ਭਾਰਤ ਵਿੱਚ ਦੋ ਦਿਨਾਂ ਬਾਅਦ ਤਾਪਮਾਨ ਹੌਲੀ-ਹੌਲੀ ਵਧਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਦੇ ਨਾਲ-ਨਾਲ ਉੱਤਰਾਖੰਡ, ਬਿਹਾਰ, ਪੱਛਮੀ ਬੰਗਾਲ, ਝਾਰਖੰਡ ਅਤੇ ਉੜੀਸਾ ਦੇ ਕਈ ਹਿੱਸਿਆਂ ਵਿੱਚ ਹੀਟ ਵੇਵ ਤੋਂ ਲੈ ਕੇ ਗੰਭੀਰ ਗਰਮੀ ਦੀਆਂ ਸਥਿਤੀਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਰਾਜਧਾਨੀ ਦਿੱਲੀ ਵਿੱਚ 1 ਜੂਨ ਨੂੰ ਖੁੱਲ੍ਹਣਗੇ ਸਕੂਲ–ਦਿੱਲੀ ਦੇ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦਿੱਲੀ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਨੇ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਦਿੱਲੀ ਦੇ ਸਾਰੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ 11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਇਹ ਸਕੂਲ 30 ਜੂਨ ਤੱਕ ਬੰਦ ਰਹਿਣਗੇ। ਹਾਲਾਂਕਿ ਅਧਿਆਪਕਾਂ ਨੂੰ 28 ਅਤੇ 29 ਜੂਨ ਨੂੰ ਸਕੂਲ ਆਉਣਾ ਹੋਵੇਗਾ।

Leave a Reply

Your email address will not be published. Required fields are marked *