ਹੇ ਨਾਨਕ! (ਆਖ–) ਹੇ ਭਗਵਾਨ! (ਮੇਰੇ ਉਤੇ) ਮੇਹਰ ਕਰ, ਮੈਂ ਇਕ ਘੜੀ ਵਾਸਤੇ ਭੀ ਤੇਰਾ ਨਾਮ ਨਾਹ ਭੁੱਲਾਂ, ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾਂ, ਮੈਂ ਗੋਬਿੰਦ ਦਾ ਨਾਮ ਜਪਦਾ ਰਹਾਂ, ਮੈਂ ਗੁਰੂ ਦੀ ਪਵਿਤ੍ਰ ਸੰਗਤਿ ਕਰਦਾ ਰਹਾਂ।1।
(ਹੇ ਭਾਈ!) ਤ੍ਰੇਲ ਭਿੱਜੀ ਰਾਤ ਵਿਚ (ਆਕਾਸ਼ ਵਿਚ) ਤਾਰੇ ਡਲ੍ਹਕਦੇ ਹਨ (ਤਿਵੇਂ, ਪਰਮਾਤਮਾ ਦੇ ਪ੍ਰੇਮ ਵਿਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ-ਆਕਾਸ਼ ਵਿਚ ਸੋਹਣੇ ਆਤਮਕ ਗੁਣ ਲਿਸ਼ਕਾਂ ਮਾਰਦੇ ਹਨ) ।
ਮੇਰੇ ਰਾਮ ਦੇ ਪਿਆਰੇ ਸੰਤ ਜਨ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਪਰਮਾਤਮਾ ਦੇ ਪਿਆਰੇ ਸੰਤ ਜਨ ਸਦਾ ਹੀ ਸੁਚੇਤ ਰਹਿੰਦੇ ਹਨ, ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ। ਸੰਤ ਜਨ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਦੇ ਹਨ (ਤੇ, ਉਸ ਦੇ ਦਰ ਤੇ ਅਰਦਾਸ ਕਰਦੇ ਹਨ–) ਹੇ ਪ੍ਰਭੂ ਰਤਾ ਜਿਤਨੇ ਸਮੇ ਲਈ ਭੀ ਸਾਡੇ ਦਿਲ ਤੋਂ ਦੂਰ ਨਾਹ ਹੋ। ਸੰਤ ਜਨ ਆਪਣੇ ਮਨ ਦਾ ਮਾਣ ਛੱਡ ਕੇ, ਮੋਹ ਤੇ ਵਿਕਾਰ ਦੂਰ ਕਰਕੇ ਆਪਣੇ ਸਾਰੇ ਦੁੱਖ ਪਾਪ ਸਾੜ ਲੈਂਦੇ ਹਨ। ਨਾਨਕ ਬੇਨਤੀ ਕਰਦਾ ਹੈ– (ਹੇ ਭਾਈ!) ਪਰਮਾਤਮਾ ਦੇ ਪਿਆਰੇ ਸੰਤ ਪਰਮਾਤਮਾ ਦੇ ਦਾਸ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।1।
ਮੇਰੀ ਸੇਜੜੀਐ ਆਡੰਬਰੁ ਬਣਿਆ ॥ ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥ ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥ ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥ ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥ ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥ {ਪੰਨਾ 459}
ਹੇ ਸਖੀ! ਜਦੋਂ ਮੈਂ ਪ੍ਰਭੂ ਨੂੰ (ਆਪਣੇ ਵਲ) ਆਉਂਦਾ ਸੁਣਿਆ, ਤਾਂ ਮੇਰੇ ਮਨ ਵਿਚ ਆਨੰਦ ਪੈਦਾ ਹੋ ਗਿਆ, ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਸਜਾਵਟ ਬਣ ਗਈ।ਹੇ ਸਖੀ! ਜਿਨ੍ਹਾਂ ਵਡ-ਭਾਗੀਆਂ ਨੂੰ ਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ ਮਿਲ ਪੈਂਦੇ ਹਨ, ਉਹਨਾਂ ਦੇ ਹਿਰਦੇ ਚਾਵਾਂ ਨਾਲ ਖ਼ੁਸ਼ੀਆਂ ਨਾਲ ਆਨੰਦ ਨਾਲ ਭਰ ਜਾਂਦੇ ਹਨ। ਉਹ ਪ੍ਰਭੂ ਦੇ ਅੰਗ (ਚਰਨਾਂ) ਨਾਲ ਜੁੜੇ ਰਹਿੰਦੇ ਹਨ, ਉਹਨਾਂ ਦੇ ਦੁੱਖ ਦੂਰ ਜੋ ਜਾਂਦੇ ਹਨ, ਉਹਨਾਂ ਦੀ ਜਿੰਦ ਉਹਨਾਂ ਦਾ ਮਨ ਉਹਨਾਂ ਦਾ ਸਰੀਰ = ਸਾਰੇ ਹੀ (ਆਤਮਕ ਜੀਵਨ ਨਾਲ) ਹਰੇ ਹੋ ਜਾਂਦੇ ਹਨ। (ਗੁਰੂ ਦੀ ਸਰਨ ਪੈ ਕੇ) ਜੇਹੜੇ ਮਨੁੱਖ ਪ੍ਰਭੂ ਦਾ ਧਿਆਨ ਧਰਦੇ ਹਨ, ਉਹਨਾਂ ਦੇ ਮਨ ਦੀ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ (ਗੁਰੂ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਕਰਾਣ ਲਈ) ਭਲਾ ਸੰਜੋਗ ਬਣਾ ਦੇਂਦਾ ਹੈ, ਚੰਗਾ ਮੁਹੂਰਤ ਕੱਢ ਦੇਂਦਾ ਹੈ।