ਜਨਮ ਸਾਖੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਪੂਰਬਲੇ ਜਨਮ ਵਿੱਚ ਹੇਮਕੁੰਟ ਵਿਖੇ ਗੁਰੂ ਸਾਹਿਬ ਪ੍ਰਭੂ ਦੇ ਚਰਨਾਂ ਵਿੱਚ ਜੁੜੇ ਹੋਏ ਸਨ। ਉਸ ਸਮੇਂ ਭਾਰਤ ਵਿੱਚ ਜ਼ੁਲਮ ਦੀ ਹੱਦ ਪਾਰ ਹੋ ਚੁੱਕੀ ਸੀ ਹਾਕਮ ਲੋਕ ਪਰਜਾ ਉੱਤੇ ਹੱਥ ਜੁਲਮ ਢਾ ਰਹੇ ਸਨ ਪ੍ਰਭੂ ਦਾ ਨਾਮ ਜਪਣ ਦੀ ਬਜਾਏ ਲੋਕ ਇੱਕ ਦੂਸਰੇ ਦਾ ਖੂਨ ਵਹਾ ਰਹੇ ਸਨ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਮੁਸਲਮਾਨਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਅੱਲਾ ਦੀ ਇਬਾਦਤ ਕਰਨ ਅਤੇ ਇੱਕ ਦੂਸਰੇ ਨਾਲ ਭਰਾਵਾਂ ਵਾਲਾ ਸਲੂਕ ਕਰਨ ਪਰ ਮੁਸਲਮਾਨ ਹਾਕਮ ਇਬਾਦਤ ਕਰਨ ਦੀ ਬਜਾਏ ਲੁੱਟ ਮਾਰ ਅਤੇ ਕਤਲ ਕਰ ਰਹੇ ਸਨ।

ਕੋਈ ਵੀ ਵਿਅਕਤੀ ਸੁਰੱਖਿਤ ਨਹੀਂ ਸੀ ਬਾਦਸ਼ਾਹ ਔਰੰਗਜ਼ੇਬ ਅੱਲਾ ਦੇ ਨਾਂ ਤੇ ਜਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਜਾਂ ਉਹਨਾਂ ਦਾ ਕਤਲ ਕਰ ਰਿਹਾ ਸੀ। ਅਕਾਲ ਪੁਰਖ ਪਾਸੋਂ ਵੀ ਅਜਿਹੇ ਕਠੋਰ ਜੁਲਮ ਸਹਿਣ ਨਹੀਂ ਸਨ ਹੋ ਰਹੇ ਉਹਨਾਂ ਨੇ ਇਹ ਸੋਚਿਆ ਕਿ ਕਿਸੇ ਮਹਾਂਪੁਰਖ ਨੂੰ ਦੁਨੀਆਂ ਵਿੱਚ ਭੇਜਿਆ ਜਾਏ ਜਿਹੜਾ ਇਸ ਜ਼ੁਲਮ ਦਾ ਨਾਸ਼ ਕਰੇ ਅਤੇ ਲੋਕਾਂ ਨੂੰ ਪ੍ਰਭੂ ਨਾਮ ਜਪਣ ਵੱਲ ਲਾਏ

ਇਸ ਲਈ ਅਕਾਲ ਪੁਰਖ ਨੇ ਤਪਸਵੀ ਗੁਰੂ ਸਾਹਿਬ ਨੂੰ ਇਹ ਆਦੇਸ਼ ਕੀਤਾ ਕਿ ਉਹ ਭਾਰਤ ਵਿੱਚ ਜਨਮ ਲੈਣ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ 22 ਦਸੰਬਰ 1666 ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਅਵਤਾਰ ਧਾਰਿਆ ਗੁਰੂ ਜੀ ਦੇ ਪਿਤਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਸਨ ਅਤੇ ਮਾਤਾ ਜੀ ਦਾ ਨਾਮ ਗੁਜਰੀ ਸੀ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਅਸਾਮ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਅਤੇ ਜਗ੍ਹਾ ਜਗ੍ਹਾ ਤੇ ਪ੍ਰਚਾਰ ਕਰਦੇ ਹੋਏ ਸਿੱਖੀ ਦੇ ਇਸ ਬੂਟੇ ਨੂੰ ਹੋਰ ਵੱਡਾ ਕਰ ਰਹੇ ਸਨ। ਗੁਰੂ ਜੀ ਨੂੰ ਅਸਾਮ ਵਿਖੇ ਹੀ ਖਬਰ ਭੇਜੀ ਗਈ ਕਿ ਉਹਨਾਂ ਦੇ ਘਰ ਇੱਕ ਬਾਲ ਨੇ ਜਨਮ ਲਿਆ ਹੈ।

ਪਟਨੇ ਸ਼ਹਿਰ ਦੇ ਲੋਕਾਂ ਨੂੰ ਜਦ ਇਹ ਖੁਸ਼ਖਬਰੀ ਮਿਲੀ ਤਾਂ ਸਾਰੇ ਲੋਕ ਬਹੁਤ ਖੁਸ਼ ਹੋਏ ਗੁਰੂ ਸਾਹਿਬ ਜੀ ਦੀ ਦਾਦੀ ਮਾਤਾ ਨਾਨਕੀ ਨੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਖੁੱਲੇ ਲੰਗਰ ਲਾਏ ਗਏ ਅਤੇ ਰਾਤ ਨੂੰ ਦੀਪ ਮਾਲਾ ਕੀਤੀ ਗਈ ਗੁਰੂ ਸਾਹਿਬ ਦੇ ਮਾਮਾ ਕਿਰਪਾਲ ਚੰਦ ਵੀ ਉੱਥੇ ਮੌਜੂਦ ਸਨ। ਉਹ ਗੁਰੂ ਜੀ ਦੀ ਪੂਰੀ ਸੇਵਾ ਸੰਭਾਲ ਕਰਦੇ ਸਨ ਅਤੇ ਵਾਰ ਵਾਰ ਕਹਿੰਦੇ ਸਨ ਕਿ ਸਾਡੇ ਘਰ ਆਪ ਗੋਬਿੰਦ ਨੇ ਅਵਤਾਰ ਧਾਰਿਆ ਹੈ ਇਸ ਲਈ ਬਾਲ ਪ੍ਰੀਤਮ ਦਾ ਨਾਮ ਵੀ ਗੋਬਿੰਦ ਰਾਏ ਰੱਖਿਆ ਗਿਆ ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *