ਹੇ ਪ੍ਰਭੂ! ਅਸੀ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧।ਰਹਾਉ।ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧।
ਹੇ ਨਾਨਕ! ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ। ਪਰਮਾਤਮਾ ਦੇ ਦਰਸਨ ਨਾਲ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ।੨।੮।੧੨।ਹੇ ਭਾਈ! ਜਿਸ ਭੀ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ, ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ। ਗੋਬਿੰਦ ਦਾ ਨਾਮ ਸਿਮਰ ਕੇ (ਉਸ ਦੇ ਅੰਦਰ) ਸੁਖ ਹੀ ਸੁਖ ਬਣ ਗਿਆ।੧।ਰਹਾਉ।
ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ) । ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ। ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ।੧।(ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ। ਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ।੨।੨੬।੧੧੨।