ਬਾਬਾ ਦੀਪ ਸਿੰਘ ਜੀ ਪੂਰਾ ਇਤਿਹਾਸ

ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਪਹੂਵਿੰਡ, ਜ਼ਿਲ੍ਹਾ ਅੰਮ੍ਰਿਤਸਰ ਦੇ ਜੰਮ-ਪਲ ਸਨ। ਆਪ ਬੜੇ ਉੱਚੇ-ਲੰਮੇ ਬਲਵਾਨ ਤੇ ਦਲੇਰ ਸੂਰਮੇ ਸਨ। ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਬੰਦਾ ਸਿੰਘ ਬਹਾਦਰ ਵਲੋਂ ਮੁਗਲ ਹਕੂਮਤ ਵਿਰੁੱਧ ਕੀਤੇ ਸੰਘਰਸ਼ ‘ਚ ਆਪ ਨੇ ਭਰਪੂਰ ਸ਼ਮੂਲ਼ੀਅਤ ਕੀਤੀ। ਉਹ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਿੰਘਾਂ ‘ਚੋਂ ਸਨ। ਜਿੱਥੇ ਆਪ ਸੂਰਬੀਰ ਤੇ ਨਿਰਭੈ ਜੋਧੇ ਸਨ ,ਉੱਥੇ ਆਪ ਅਪਣੇ ਸਮੇਂ ਦੇ ਸਭ ਤੋਂ ਉੱਚੇ ਸਿੱਖ ਵਿਦਵਾਨਾਂ ਵਿਚੋਂ ਵੀ ਇਕ ਸਨ। ਆਪ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨਿਵਾਸ ਰੱਖਦੇ ਸਨ। ਆਪ ਨੂੰ ਗੁਰਬਾਣੀ ਲਿਖਣ ਦਾ ਬਹੁਤ ਸ਼ੌਂਕ ਸੀ।

ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਦੇ ਨਾਲ ਸ਼ਹਿਰ ਅੰਮ੍ਰਿਤਸਰ ਨੂੰ ਲੁਟਿਆ ਗਿਆ, ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਢਾਹਿਆ ਗਿਆ ਤੇ ਸਰੋਵਰ ਨੂੰ ਮਿਟੀ ਦੇ ਨਾਲ ਭਰਿਆ ਗਿਆ। ਜਦੋਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ, ਸ਼੍ਰੀ ਦਮਦਮਾ ਸਾਹਿਬ ਪਹੁੰਚੀ ਤਾਂ ਬਾਬਾ ਦੀਪ ਸਿੰਘ ਦੇ ਮਨ ਨੂੰ ਤੀਰ ਜਿਹਾ ਵੱਜਾ। ਆਪ ਨੇ ਅੰਮ੍ਰਿਤਸਰ ਪਹੁੰਚ ਕੇ ਇਸ ਬੇਅਦਬੀ ਦਾ ਬਦਲਾ ਲੈਣ ਦਾ ਫੈਸਲਾ ਕਰ ਲਿਆ। ਆਪ ਨੇ ਅਰਦਾਸਾ ਸੋਧਿਆ ‘ਤੇ ਤੁਰ ਪਏ। ਪੰਜ ਸੌ ਸਿੰਘਾਂ ਦਾ ਜੱਥਾ ਉਨ੍ਹਾ ਨਾਲ ਤਿਆਰ ਹੋਇਆ। ਰਾਹ ਵਿਚ ਬਹੁਤ ਸਾਰੇ ਸਿੰਘ ਆਪ ਦੇ ਨਾਲ ਰੱਲਦੇ ਗਏ। ਤਰਨਤਰਨ ਤਾਂਈ ਪਹੁੰਚਣ ਤੀਕ ਉਨ੍ਹਾ ਦੇ ਨਾਲ ਪੰਜ ਹਜ਼ਾਰ ਸਿੰਘਾ ਦਾ ਜੱਥਾ ਬਣ ਗਿਆ।

ਉਧਰੋਂ ਲਾਹੌਰ ਦੇ ਸੂਬੇ ਨੇ ਵੀ ਜਹਾਨ ਖਾਨ ਦੀ ਅਗਵਾਈ ਹੇਠ ਗੋਹਲਵੜ੍ਹ ਨੇੜੇ ਨਾਕਾ ਲਾਇਆ ਹੋਇਆ ਸੀ। ਦੋਹਾਂ ਦਲਾਂ ਦਾ ਗੋਹਲਵੜ੍ਹ ਪਿੰਡ ਲਾਗੇ ਟਾਕਰਾ ਹੋਇਆ।ਸਿੰਘਾਂ ਨੇ ਅਜਿਹੀ ਸੂਰਬੀਰਤਾ ਦਿਖਾਈ ਕਿ ਜਹਾਨ ਖਾਂ ਮਾਰਿਆ ਗਿਆ ਅਤੇ ਸ਼ਾਹੀ ਫੌਜ ‘ਚ ਭਾਜੜ ਪੈ ਗਈ ਇਨੇ ਚਿਰ ਨੂੰ ਹਾਜੀ ਅਤਾਈ ਖਾਂ ਵੀ ਫੌਜ ਤੇ ਤੋਪਾਂ ਲੈ ਕੇ ਪਹੁੰਚ ਗਿਆ। ਫਿਰ ਬਹੁਤ ਹੀ ਘਮਸਾਨ ਦੀ ਲੜਾਈ ਹੋਈ। ਸਿੱਖ ਲੜਦੇ ਲੜਦੇ ਅਗਾਂਹ ਵੱਧਦੇ ਗਏ। ਜਦੋਂ ਉਹ ਅੰਮ੍ਰਿਤਸਰ ਸ਼ਹਿਰ ਦੇ ਕੁਝ ਬਾਹਰ ਹੀ ਸਨ ਤਾਂ ਜਮਾਲ ਖਾਂ ਨਾਲ ਹੱਥੋਂ-ਹੱਥੀ ਯੁੱਧ ਵਿਚ ਬਾਬਾ ਜੀ ਦਾ ਸੀਸ ਕੱਟਿਆ ਗਿਆ ,ਉਹ ਡਿਗਣ ਹੀ ਲੱਗੇ ਸਨ ਕਿ ਪਾਸੋਂ ਇਕ ਸਿੰਘ ਨੇ ਪਿਆਰ ਨਾਲ ਕਿਹਾ, “ਬਾਬਾ ਜੀ! ਤੁਸਾਂ ਅਰਦਾਸਾ ਤਾਂ ਸੋਧਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਜਾ ਕਿ ਸ਼ਹੀਦ ਹੋਵਾਂ ਪਰ ਆਪ ਤਾਂ ਉਰੇ ਹੀ ਫਤਿਹ ਗਜਾ ਚਲੇ ਹੋ !” ਬਾਬਾ ਜੀ ਨੇ ਸੀਸ ਨੂੰ ਖੱਬੇ ਹੱਥ ‘ਤੇ ਟਿਕਾ ਕੇ ਅਤੇ ਸੱਜੇ ਹੱਥ ਨਾਲ ਖੰਡਾ ਵਾਹੁੰਦੇ ਹੋਏ ਤੇ ਵੈਰੀਆਂ ਦੇ ਆਹੂ ਲਾਹੁੰਦਿਆਂ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਵਿਚ ਪਹੁੰਚ ਕੇ ਭੇਟ ਕੀਤਾ। ਇਹ ਘਟਨਾ ਸੰਨ 1757 ਦੀ ਹੈ।

Leave a Reply

Your email address will not be published. Required fields are marked *