ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਮਰੀਕਾ ਸਰਕਾਰ ਨੇ ਐਚ-1ਬੀ ਵੀਜ਼ਾ ‘ਤੇ ਮੁਲਕ ਵਿਚ ਆਏ ਪ੍ਰਵਾਸੀਆਂ ਦੇ ਜੀਵਨ ਸਾਥੀਆਂ ਅਤੇ ਬੱਚਿਆਂ ਨੂੰ ਇਕ ਲੱਖ ਵਰਕ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਐਤਵਾਰ ਨੂੰ ਕੌਮੀ ਸੁਰੱਖਿਆ ਸਮਝੌਤਾ ਜਨਤਕ ਕੀਤਾ ਗਿਆ ਜਿਸ ਤਹਿਤ ਐਚ-1ਬੀ ਵੀਜ਼ਾ ਧਾਰਕਾਂ ਦੇ ਉਨ੍ਹਾਂ ਢਾਈ ਲੱਖ ਬੱਚਿਆਂ ਦਾ ਮਸਲਾ ਵੀ ਸੁਲਝਾਇਆ ਜਾਵੇਗਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਟੱਪ ਗਈ।
ਵਿਰੋਧੀ ਧਿਰ ਰਿਪਬਲਿਕਨ ਪਾਰਟੀ ਨਾਲ ਵਿਚਾਰ ਵਟਾਂਦਰੇ ਮਗਰੋਂ ਡੈਮੋਕ੍ਰੈਟਿਕ ਪਾਰਟੀ ਸਰਬਸੰਮਤੀ ਵਾਲਾ ਰਾਹ ਕੱਢਣ ਵਿਚ ਸਫਲ ਰਹੀ ਜਿਸ ਦਾ ਸਭ ਤੋਂ ਵੱਧ ਫਾਇਦਾ ਕਈ ਵਰਿ੍ਹਆਂ ਤੋਂ ਗਰੀਨ ਕਾਰਡ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਨੂੰ ਹੋਵੇਗਾ। ਬਿਨਾਂ ਸ਼ੱਕ ਇਸ ਕਤਾਰ ਵਿਚ ਹਜ਼ਾਰਾਂ ਭਾਰਤੀ ਸ਼ਾਮਲ ਹਨ ਅਤੇ ਹੁਣ ਅਮਰੀਕਾ ਵਿਚ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵੀ ਸੁਨਹਿਰੀ ਬਣਦਾ ਨਜ਼ਰ ਆ ਰਿਹਾ ਹੈ।
ਅਮਰੀਕਾ ਵਿਚ ਵੱਖ ਵੱਖ ਮੁਲਕਾਂ ‘ਤੇ ਆਧਾਰਤ ਕੋਟਾ ਹੋਣ ਕਾਰਨ ਭਾਰਤੀਆਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਚ-1ਬੀ ਵੀਜ਼ਾ ਲੈਣ ਵਾਲਿਆਂ ਵਿਚ ਵੱਡੀ ਗਿਣਤੀ ਭਾਰਤੀਆਂ ਦੀ ਹੁੰਦੀ ਹੈ ਪਰ ਗਰੀਨ ਕਾਰਡ ਮਿਲਣ ਦੀ ਮੰਜ਼ਿਲ ਤੱਕ ਪੁੱਜਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਬੱਚਿਆਂ ਦੀ ਉਮਰ ਇੰਮੀਗ੍ਰੇਸ਼ਨ ਕਾਨੂੰਨ ਵਿਚ ਤੈਅਸ਼ੁਦਾ ਹੱਦ ਤੋਂ ਟੱਪ ਜਾਂਦੀ ਹੈ।
ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਇੰਮੀਗ੍ਰੇਸ਼ਨ ਪ੍ਰਣਾਲੀ ਵੇਲਾ ਵਿਹਾਅ ਚੁੱਕੀ ਹੈ ਅਤੇ ਹੁਣ ਇਸ ਨੂੰ ਸਮੇਂ ਦੀ ਹਾਣ ਦਾ ਬਣਾਉਣਾ ਲਾਜ਼ਮੀ ਹੋ ਗਿਆ ਹੈ। ਇਸ ਤਰੀਕੇ ਨਾਲ ਅਮਰੀਕਾ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਮਿਲੇਗੀ ਅਤੇ ਪ੍ਰਵਾਸੀਆਂ ਨਾਲ ਮਨੁੱਖਤਾ ਦੇ ਬੁਨਿਆਦੀ ਸਿਧਾਂਤਾਂ ਮੁਤਾਬਕ ਸਲੂਕ ਕੀਤਾ ਜਾ ਸਕੇਗਾ। ਵਾਈਟ ਹਾਊਸ ਵੱਲੋਂ ਜਾਰੀ ਸਮਝੌਤੇ ਦੇ ਵੇਰਵਿਆਂ ਮੁਤਾਬਕ ਉਮਰ ਟਪਾ ਚੁੱਕਾ ਬੱਚਿਆਂ ਨੂੰ ਅੱਠ ਸਾਲ ਵਾਸਤੇ ਐਚ-4 ਵੀਜ਼ੇ ਦਾ ਲਾਭ ਮਿਲ ਸਕੇਗਾ। ਇਸ ਤੋਂ ਇਲਾਵਾ ਰੁਜ਼ਗਾਰ ਆਧਾਰਤ 18 ਹਜ਼ਾਰ ਗਰੀਨ ਕਾਰਡ ਜਾਰੀ ਕੀਤੇ ਜਾਣਗੇ ਅਤੇ ਆਉਂਦੇ ਪੰਜ ਸਾਲ ਦੌਰਾਨ ਅਮਰੀਕਾ 1 ਲੱਖ 58 ਹਜ਼ਾਰ ਗਰੀਨ ਕਾਰਡ ਜਾਰੀ ਕਰੇਗਾ।