ਜਿਸ ਸੰਸਦ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਗਵਾਹੀ ਭਰੀ ਤੇ ਜਿਥੇ ਭਗਤ ਸਿੰਘ, ਬਟੁਕੇਸ਼ਵਰ ਦੱਤ ਨੇ ਬੰਬ ਸੁਟ ਕੇ ਜ਼ੋਰਦਾਰ ਧਮਾਕੇ ਇਸ ਕਰ ਕੇ ਕੀਤੇ ਤਾਕਿ ਬਹਿਰੇ ਕੰਨਾਂ ਵਿਚ ਆਜ਼ਾਦੀ ਦੀ ਆਵਾਜ਼ ਗੂੰਜ ਸਕੇ ਤੇ ਜਿਸ ਵਿਚ ਬੈਠ ਕੇ ਸਾਰੇ ਆਜ਼ਾਦੀ ਘੁਲਾਟੀਆਂ ਨੇ ਮਿਲ ਕੇ ਨਵੇਂ ਸੰਵਿਧਾਨ ਨੂੰ ਸਾਜਿਆ ਤੇ ਫਿਰ ਆਜ਼ਾਦ ਭਾਰਤ ਦਾ ਸੁਪਨਾ ਸਾਕਾਰ ਕੀਤਾ, ਉਸ ਸੰਸਦ ਦਾ ਮੁਹਾਦਰਾ ਅੱਜ ਬਦਲ ਗਿਆ ਹੈ। ਇਸ ਜਸ਼ਨ, ਇਸ ਲੜਾਈ ਵਿਚ ਹਰ ਕੋਈ ਸ਼ਾਮਲ ਹੀ ਨਾ ਕੀਤਾ ਗਿਆ ਬਲਕਿ ਉਸ ਦਾ ਸਵਾਗਤ ਵੀ ਕੀਤਾ ਗਿਆ। ਜਿਹੜੇ ਮੁਸਲਮਾਨ ਨਵੇਂ ਬਣੇ ਪਾਕਿਸਤਾਨ ਵਿਚ ਨਹੀਂ ਸਨ ਜਾਣਾ ਚਾਹੁੰਦੇ, ਉਹਨਾਂ ਦਾ ਵੀ ਸਵਾਗਤ ਕੀਤਾ ਗਿਆ ਕਿਉਂਕਿ ਇਹ ਸਮਾਂ ਧਰਮ ਨਿਰਪੱਖ ਤੇ ਆਜ਼ਾਦ ਭਾਰਤ ਦੇ ਆਉਣ ਵਾਲੇ ਕਲ ਦੀ ਸ਼ੁਰੂਆਤ ਕਰਨ ਦਾ ਸੀ। ਅੱਜ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਗਵਾਹੀ ਭਰਨ ਵਾਲੀਆਂ ਦੀਵਾਰਾਂ ਬੰਦ ਹੋ ਗਈਆਂ ਹਨ ਤੇ ਹੁਣ ਕੇਵਲ ਸੰਨਾਟਾ ਹੈ। ਅੱਜ ਉਹ ਤੇ ਨਾਲ ਹੀ ਭਾਰਤ ਦੇ ਕਈ ਲੋਕ ਸੋਚ ਰਹੇ ਹਨ ਕਿ ਪਤਾ ਨਹੀਂ ਇਨ੍ਹਾਂ ਇਮਾਰਤਾਂ ਦੇ ਨਾਲ-ਨਾਲ ਹੋਰ ਕੀ ਕੁੱਝ ਦਫਨਾ ਦਿਤਾ ਜਾਵੇਗਾ?
ਉਸ ਪੁਰਾਣੀ ਇਮਾਰਤ ਵਿਚ ਨਾ ਸਿਰਫ਼ ਨਹਿਰੂ ਦੇ ਸੁਪਨੇ ਸਨ, ਨਾ ਸਿਰਫ਼ ਗਾਂਧੀ ਦੀ ਅਹਿੰਸਕ ਸੋਚ ਸੀ, ਸਗੋਂ ਉਸ ਵਿਚ ਬਾਬਾ ਸਾਹਿਬ ਅੰਬੇਦਕਰ ਦੀ ਡਾਢੀ ਮਿਹਨਤ ਵੀ ਸ਼ਾਮਲ ਸੀ ਜਿਸ ਨੇ ਅੱਜ ਦੇ ਭਾਰਤ ਨੂੰ ਹਰ ਮੁਮਕਿਨ ਆਜ਼ਾਦੀ ਨਾਲ ਕਾਨੂੰਨੀ ਤੌਰ ’ਤੇ ਲੈਸ ਕੀਤਾ ਸੀ। ਜੋ ਨਵੀਂ ਇਮਾਰਤ ਬਣਾਈ ਗਈ ਹੈ, ਉਹ ਸ਼ਾਨਦਾਰ ਹੈ, ਮਹਿੰਗੀ ਹੈ, ਉਸ ਵਿਚ ਬੜੀ ਵਧੀਆ ਕਾਰੀਗਰੀ ਹੈ ਪਰ ਕੀ ਉਹ ਉਸ ਆਜ਼ਾਦੀ ਦਾ ਪ੍ਰਤੀਕ ਵੀ ਹੈ ਜਿਸ ਨੂੰ ਹਰ ਹਿੰਦੁਸਤਾਨੀ ਪਹਿਲ ਦੇਂਦਾ ਹੈ?
ਰਾਸ਼ਟਰਪਤੀ ਮੁਰਮੂ ਦੀ ਗ਼ੈਰ-ਹਾਜ਼ਰੀ ਬਹੁਤ ਕੁੱਝ ਆਖ ਰਹੀ ਹੈ। ਜਿਨ੍ਹਾਂ ਜੋਗੀਆਂ ਤੋਂ ਹਵਨ ਕਰਵਾਏ ਗਏ ਸਨ, ਕੀ ਉਹਨਾਂ ਨੂੰ ਸਾਡੇ ਰਾਸ਼ਟਰਪਤੀ ਦੀ ਜਾਤ ’ਤੇ ਇਤਰਾਜ਼ ਸੀ ਜਿਸ ਕਾਰਨ ਉਨ੍ਹਾਂ ਨੂੰ ਨਵੇਂ ਸੰਸਦ ਵਿਚ ਸੱਦਿਆ ਹੀ ਨਹੀਂ ਗਿਆ? ਕੀ ਅੱਜ ਦੀ ਸੰਸਦ ਜਾਤ ਅਤੇ ਧਰਮ ’ਤੇ ਆਧਾਰਤ ਹੋਵੇਗੀ? ਦ੍ਰੋਪਦੀ ਮੁਰਮੂ ਨੇ ਅਪਣੇ ਵਲੋਂ ਭੇਜੇ ਹੋਏ ਸ਼ਬਦਾਂ ਵਿਚ ਜਾਣੇ ਅਨਜਾਣੇ ਇਕ ਸੰਦੇਸ਼ ਦੇ ਦਿਤਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਉਦਘਾਟਨ ਕੀਤਾ ਗਿਆ ਜੋ ਸੰਸਦ ਦੇ ਚੁਣੇ ਹੋਏ ਪ੍ਰਤੀਨਿਧ ਹਨ। ਭਾਵ ਕਿ ਜਿਹੜੇ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਚੁਣ ਕੇ ਅਪਣਾ ਪ੍ਰਤੀਨਿਧ ਬਣਾਇਆ ਹੈ, ਉਹ ਲੋਕ ਇਸ ਸੱਭ ਕੁੱਝ ਪ੍ਰਤੀ ਸਹਿਮਤ ਹਨ। ਪਰ ਇਹ ਵੀ ਤੈਅ ਹੈ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ, ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਾਂਗ ਨਵੀਂ ਸੰਸਦ ਸਾਹਮਣੇ ਇਕ ਸਵਾਲ ਬਣ ਕੇ ਰਹਿ ਜਾਣਗੇ।
ਇਸ ਨਵੇਂ ਸਦਨ ਦਾ ਉਦਘਾਟਨ ਉਸ ਦਿਨ ਹੋਇਆ ਜਿਸ ਦਿਨ ਵੀਰ ਸਾਵਰਕਰ ਦਾ ਜਨਮ ਦਿਨ ਸੀ ਤੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਨੂੰ ਨਾ ਸਿਰਫ਼ ਉਨ੍ਹਾਂ ਦੀ ਸਮਾਧੀ ਤੇ ਜਾ ਕੇ ਸ਼ਰਧਾਂਜਲੀ ਦੇਣਾ ਇਕ ਸੁਨੇਹਾ ਸੀ ਸਗੋਂ ਉਸੇ ਦਿਨ ਉਦਘਾਟਨ ਰਖਣਾ ਵੀ ਇਕ ਵੱਡਾ ਸੰਦੇਸ਼ ਹੈ। ਉਹੀ ਸੰਦੇਸ਼ ਦਿੱਲੀ ‘ਵਰਸਿਟੀ ਦੇ ਸਿਲੇਬਸ ਵਿਚ ਵੀ ਨਜ਼ਰ ਆ ਰਿਹਾ ਹੈ ਜਿਥੇ ਹੁਣ ਮਹਾਤਮਾ ਨੂੰ ਹਟਾ ਕੇ ਵੀਰ ਸਾਵਰਕਰ ਬਾਰੇ ਲਿਖਣ ਦੀਆਂ ਗੱਲਾਂ ਬਾਹਰ ਆ ਰਹੀਆਂ ਹਨ। ਵੀਰ ਸਾਵਰਕਰ ਆਖਦੇ ਸਨ ਕਿ ਗਾਂਧੀ ਦੀ ਅਹਿੰਸਕ ਸੋਚ ਕਾਰਨ ਆਜ਼ਾਦੀ 30-35 ਸਾਲ ਦੇਰ ਨਾਲ ਮਿਲੀ ਪਰ ਉਹ ਇਹ ਨਹੀਂ ਸਮਝਦੇ ਸਨ ਕਿ ਹਿੰਸਾ ਨਾਲ ਸਾਰਾ ਭਾਰਤ ਪੰਜਾਬ ਵਾਂਗ ਖ਼ੂਨ ਦੇ ਦਰਿਆਵਾਂ ਵਿਚ ਡੁਬਕੀਆਂ ਖਾ ਕੇ ਨਵਾਂ ਦਿਨ ਵੇਖ ਸਕਦਾ ।
ਖ਼ੈਰ! ਨਵੀਂ ਸਦਨ, ਨਵੇਂ ਅਸ਼ੋਕਾ ਸ਼ੇਰਾਂ ਵਾਂਗ ਅਪਣੀ ਇਕ ਨਵੀਂ ਛਵੀ ਬਣਾ ਰਹੀ ਹੈ। ਇਹ ਉਹ ਛਵੀ ਨਹੀਂ ਜਿਸ ਬਾਰੇ ਭਾਰਤੀ ਸੰਵਿਧਾਨ ਦਿਸ਼ਾ ਨਿਰਦੇਸ਼ ਦੇਂਦਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਭਾਰਤ ਵਾਸਤੇ ਨਵੀਂ ਦਿਸ਼ਾ ਵਲ ਵੇਖਣਾ ਪਵੇਗਾ ਕਿ ਇਸ ਦੇ ਕਦਮ ਭਾਰਤੀ ਸੰਸਕ੍ਰਿਤੀ ਨੂੰ ਅੱਗੇ ਲੈ ਕੇ ਜਾਂਦੇ ਹਨ ਜਾਂ ਇਹ ਪੁਰਾਤਨ ਕਾਲ ਵਲ ਧਕੇਲ ਦੇਂਦੇ ਹਨ।