ਹੇ ਭਾਈ! ਮੇਰਾ ਤਾਂ ਗੁਰੂ ਰਾਖਾ ਹੈ, ਪਰਮਾਤਮਾ ਰਾਖਾ ਹੈ (ਉਹੀ ਮੈਨੂੰ ਕਾਮਾਦਿਕ ਵੈਰੀਆਂ ਤੋਂ ਬਚਾਣ ਵਾਲਾ ਹੈ। ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ (ਮੇਹਰ ਕਰ) ਮੈਂ ਤੇਰਾ ਨਾਮ ਜਪਦਾ ਰਹਾਂ (ਨਾਮ ਦੀ ਬਰਕਤ ਨਾਲ ਇਉਂ ਜਾਪਦਾ ਹੈ ਕਿ) ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਣ ਰਿਹਾ ਹਾਂ।੧।ਰਹਾਉ। ਹੇ ਭਾਈ! ਪਿਆਰੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣੀ ਚਰਨੀਂ ਲਾ ਲਿਆ, ਉਸ ਦੇ ਉਸ ਨੇ (ਕਾਮਾਦਿਕ) ਸਾਰੇ ਹੀ ਵੈਰੀ ਵੱਸ ਵਿਚ ਕਰ ਦਿੱਤੇ। (ਕਾਮਾਦਿਕ) ਜਿਸ ਜਿਸ ਵੈਰੀ ਨੇ ਇਹ ਜਗਤ ਲੁੱਟ ਲਿਆ ਹੈ, (ਪ੍ਰਭੂ ਨੇ ਉਸ ਦੇ) ਉਹ ਸਾਰੇ ਵੈਰੀ ਫੜ ਕੇ ਬੰਨ੍ਹ ਦਿੱਤੇ।੧।ਹੇ ਭਾਈ! ਪਰਮਾਤਮਾ (ਜਿਸ ਮਨੁੱਖ ਦੇ) ਸਿਰ ਉੱਤੇ ਰਾਖਾ ਬਣਦਾ ਹੈ,
ਉਸ ਮਨੁੱਖ ਦੇ ਚਿੱਤ ਵਿਚ (ਪਰਮਾਤਮਾ ਦੇ ਨਾਮ ਤੋਂ ਬਿਨਾ, ਕਾਮਾਦਿਕ ਦਾ) ਕੋਈ ਹੋਰ ਫੁਰਨਾ ਉਠਦਾ ਹੀ ਨਹੀਂ। ਹੇ ਮਾਲਕ-ਪ੍ਰਭੂ! ਸਿਰਫ਼ ਤੇਰੇ ਨਾਮ ਦੇ ਆਸਰੇ ਉਹ ਮਨੁੱਖ (ਦੁਨੀਆ ਦੀਆਂ ਹੋਰ ਗ਼ਰਜ਼ਾਂ ਵਲੋਂ) ਬੇ-ਪਰਵਾਹ ਰਹਿੰਦਾ ਹੈ।੨।
ਹੇ ਭਾਈ! ਜਿਸ ਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਹ (ਉੱਚੇ ਆਤਮਕ ਗੁਣਾਂ ਨਾਲ) ਭਰਪੂਰ ਹੋ ਜਾਂਦਾ ਹੈ। ਉਹ ਕਿਸੇ ਗੱਲੇ ਮੁਥਾਜ ਨਹੀਂ ਰਹਿੰਦਾ। ਉਹ ਮਨੁੱਖ ਜਗਤ ਦੇ ਮੂਲ-ਪ੍ਰਭੂ ਨੂੰ ਲੱਭ ਲੈਂਦਾ ਹੈ, ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਹੈ, ਉਹ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ, ਤੇ, ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ।੩।ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਬੇਅੰਤ! ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿਹੋ ਜਿਹਾ ਹੈਂ। ਹੇ ਨਾਨਕ! (ਆਖ-) ਹੇ ਬੇ-ਮਿਸਾਲ ਪ੍ਰਭੂ! ਹੇ ਅਥਾਹ! ਹੇ ਅਡੋਲ ਮਾਲਕ! ਤੂੰ ਹੀ ਮੇਰਾ ਖਸਮ ਹੈਂ।੪।੫।