ਗੱਡੀ ਦੀ ਪਾਰਕਿੰਗ ਪਿੱਛੇ ਕਾਨੂੰਗੋ ਨੇ ਮੁੰਡੇ ਨੂੰ ਮਾਰੇ ਥੱਪੜ, ਲੋਕਾਂ ਨੇ ਜਦੋਂ ਘੇਰਿਆ ਤਾਂ ਕਹਿੰਦਾ ਮੈਂ ਤਾਂ ਮਾਰੂੰਗਾ

ਤਹਿਸੀਲ ਕੰਪਲੈਕਸ ‘ਚ ਸਥਿਤ ਗੇਟ ਨੰਬਰ ਤਿੰਨ ਦੀ ਪਾਰਕਿੰਗ ‘ਚ ਬੁੱਧਵਾਰ ਉਸ ਵੇਲੇ ਹਾਲਾਤ ਹੰਗਾਮੇ ਵਾਲੇ ਹੋ ਗਏ ਜਦੋਂ ਇਕ ਕਾਨੂੰਨਗੋ ਨੂੰ ਗੱਡੀ ਲਾਉਣ ਲਈ ਜਗ੍ਹਾ ਨਾ ਮਿਲੀ ਤਾਂ ਉਸ ਨੇ ਪਾਰਕਿੰਗ ‘ਚ ਕੰਮ ਕਰਨ ਵਾਲੇ ਕਰਿੰਦੇ ਨੂੰ ਥੱਪੜ ਮਾਰ ਦਿੱਤੇ। ਇੰਨਾ ਹੀ ਨਹੀਂ ਜਦੋਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੀਡੀਆ ਕਰਮੀ ਖ਼ਬਰ ਦੀ ਕਵਰੇਜ ਕਰਨ ਲਈ ਮੌਕੇ ‘ਤੇ ਪਹੁੰਚੇ ਤਾਂ ਕਾਨੂੰਨਗੋ ਨੇ ਉਨ੍ਹਾਂ ਨਾਲ ਵੀ ਮਾੜੇ ਸਲੂਕ ਕੀਤਾ ਤੇ ਉਨ੍ਹਾਂ ਨੂੰ ਬਲੈਕ ਮੇਲਰ ਤੱਕ ਕਹਿ ਦਿੱਤਾ।

ਇਸ ਤੋਂ ਬਾਅਦ ਮੀਡੀਆ ਕਰਮੀ ਇਕੱਠੇ ਹੋ ਗਏ ਤੇ ਇਸ ਦੀ ਸ਼ਿਕਾਇਤ ਡੀਸੀ ਤੇ ਪੁਲਿਸ ਕਮਿਸ਼ਨਰ ਨੂੰ ਦਿੱਤੀ। ਜਾਣਕਾਰੀ ਅਨੁਸਾਰ ਗੇਟ ਨੰਬਰ ਤਿੰਨ ‘ਤੇ ਬੁੱਧਵਾਰ ਸਵੇਰੇ ਕਾਨੂੰਨਗੋ ਸੱਤੇਅ ਵੀਰ ਗੱਡੀ ਲੈ ਕੇ ਪੁੱਜੇ। ਪਾਰਕਿੰਗ ‘ਤੇ ਮੌਜੂਦ ਕਰਿੰਦੇ ਜੱਸੀ ਨੇ ਉਨ੍ਹਾਂ ਨੂੰ ਕਿਹਾ ਕਿ ਅੰਦਰ ਗੱਡੀ ਲਾਉਣ ਦੀ ਹਾਲੇ ਜਗ੍ਹਾ ਨਹੀਂ ਹੈ ਇਸ ਲਈ ਕੁਝ ਸਮੇਂ ਬਾਅਦ ਗੱਡੀ ਲਗਵਾ ਦਿੰਦਾ ਹਾਂ, ਜਿਸ ਤੋਂ ਬਾਅਦ ਕਾਨੂੰਨਗੋ ਗੁੱਸੇ ‘ਚ ਆ ਗਏ ਤੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਏ।

ਜਦੋਂ ਜੱਸੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਕਾਨੂੰਨਗੋ ਨੇ ਗੱਡੀ ਤੋਂ ਹੇਠਾਂ ਉਤਰ ਕੇ ਉਸ ਦੇ ਥੱਪੜ ਮਾਰ ਦਿੱਤੇ, ਜਿਸ ਨਾਲ ਮੌਕੇ ‘ਤੇ ਹੰਗਾਮਾ ਹੋ ਗਿਆ। ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਕੁਝ ਮੀਡੀਆ ਕਰਮੀ ਮੌਕੇ ‘ਤੇ ਪੁੱਜੇ ਤੇ ਕਾਨੂੰਨਗੋ ਤੋਂ ਜੱਸੀ ਨੂੰ ਥੱਪੜ ਮਾਰਨ ਦਾ ਕਾਰਨ ਪੁੱਿਛਆ ਤਾਂ ਕਾਨੂੰਨਗੋ ਮੀਡੀਆ ਕਰਮੀਆਂ ਨਾਲ ਵੀ ਅੌਖੇ ਹੋ ਪਏ। ਉਨ੍ਹਾਂ ਮੀਡੀਆ ਕਰਮੀਆਂ ਨੂੰ ਕੋਈ ਵੀ ਬਿਆਨ ਦੇਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਉਸ ਨਾਲ ਜੋ ਵੀ ਅੌਖਾ ਹੋਵੇਗਾ

ਉਸ ਨੂੰ ਥੱਪੜ ਪੈਣਗੇ ਹੀ। ਜੱਸੀ ਉਸ ਨਾਲ ਅੌਖਾ ਹੋਇਆ ਸੀ ਤਾਂ ਇਸ ਲਈ ਉਸ ਨੂੰ ਥੱਪੜ ਮਾਰ ਦਿੱਤੇ। ਇਸ ਦਾ ਉਨ੍ਹਾਂ ਨੂੰ ਕੋਈ ਗਮ ਨਹੀਂ। ਜਦੋਂ ਮੀਡੀਆ ਕਰਮੀਆਂ ਨੇ ਕਿਹਾ ਕਿ ਜੇ ਜੱਸੀ ਨੇ ਗਲਤੀ ਕੀਤੀ ਸੀ ਤਾਂ ਉਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਜਾਂਦੀ ਤਾਂ ਕਾਨੂੰਨਗੋ ਗੁੱਸੇ ‘ਚ ਆ ਗਏ ਤੇ ਕਿਹਾ ਕਿ ਉਹ ਕਿਉਂ ਪੁਲਿਸ ਨੂੰ ਸ਼ਿਕਾਇਤ ਦੇਣ। ਇਸ ਤੋਂ ਬਾਅਦ ਕਾਨੂੰਨਗੋ ਵੱਲੋਂ ਮੀਡੀਆ ਕਰਮੀਆਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਗਈ।

ਜਦੋਂ ਮੀਡੀਆ ਕਰਮੀਆਂ ਨੇ ਉਸ ਦਾ ਵਿਰੋਧ ਕੀਤਾ ਤਾਂ ਕਾਨੂੰਨਗੋ ਨੇ ਉਨ੍ਹਾਂ ਨੂੰ ਬਲੈਕਮੇਲਰ ਕਹਿ ਦਿੱਤਾ। ਇਸ ਤੋਂ ਗੁੱਸੇ ‘ਚ ਆਏ ਮੀਡੀਆ ਕਰਮੀਆਂ ਨੇ ਇਸ ਦੀ ਸ਼ਿਕਾਇਤ ਡੀਸੀ ਨੂੰ ਦਿੱਤੀ। ਇਸ ਤੋਂ ਬਾਅਦ ਮੀਡੀਆ ਕਰਮੀਆਂ ਨੇ ਕਾਨੂੰਨਗੋ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਆਨਲਾਈਨ ਭੇਜ ਦਿੱਤੀ ਹੈ, ਜਦੋਂ ਇਸ ਬਾਰੇ ਕਾਨੂੰਨਗੋ ਸੱਤੇਅ ਵੀਰ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ।

Leave a Reply

Your email address will not be published. Required fields are marked *