ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਗੇੜ ਦੀਆਂ ਵੋਟਾਂ ਪੰਜਾਬ ਵਿਚ ਪਹਿਲੀ ਜੂਨ ਨੂੰ ਪੈਣੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਖਡੂਰ ਸਾਹਿਬ ਲੋਕ ਸਭਾ ਸੀਟ ਕਾਫੀ ਚਰਚਾ ਵਿਚ ਆ ਗਈ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਪਹਿਲਾਂ ਤਰਨਤਾਰਨ ਲੋਕ ਸਭਾ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇੱਥੋਂ ਆਜ਼ਾਦ ਉਮੀਦਵਾਰ ਵਜੋਂ ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਸਿਆਸੀ ਸਮੀਕਰਨ ਬਦਲਣ ਲੱਗੇ ਹਨ।
ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ‘ਆਪ’ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਭਾਜਪਾ ਵੱਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੇ ਖੱਬੇ ਪੱਖੀ ਧਿਰਾਂ ਸੀਪੀਆਈ ਵੱਲੋਂ ਗੁਰਦਿਆਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਕਾਰਨ ਇਸ ਲੋਕ ਸਭਾ ਹਲਕੇ ਵਿਚ ਵੀ ਇਸ ਵਾਰ ਬਹੁਕੋਣਾ ਮੁਕਾਬਲਾ ਹੋਵੇਗਾ। ਪਿਛੋਕੜ ’ਤੇ ਜੇਕਰ ਝਾਤ ਮਾਰੀ ਜਾਵੇ ਤਾਂ 2008 ਤੋਂ ਪਹਿਲਾਂ ਇਹ ਹਲਕਾ ਤਰਨਤਾਰਨ ਲੋਕ ਸਭਾ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ 2009 ਵਿਚ ਇਸ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਰੂਪ ਵਿਚ ਬਦਲ ਦਿੱਤਾ ਗਿਆ ਅਤੇ ਇਸ ਵਿਚ ਕਈ ਨਵੇਂ ਵਿਧਾਨ ਸਭਾ ਹਲਕੇ ਸ਼ਾਮਲ ਕੀਤੇ ਗਏ।
ਕੀ ਹੈ ਖਾਸ ਗੱਲ———ਇਸ ਲੋਕ ਸਭਾ ਹਲਕੇ ਹੇਠ ਆਉਂਦੇ ਨੌਂ ਵਿਧਾਨ ਸਭਾ ਹਲਕੇ ਵੱਖ-ਵੱਖ ਚਾਰ ਜ਼ਿਲ੍ਹਿਆਂ ਤੋਂ ਹਨ ਜਿਨ੍ਹਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕੇ ਜੰਡਿਆਲਾ ਅਤੇ ਬਾਬਾ ਬਕਾਲਾ, ਤਰਨਤਾਰਨ ਜ਼ਿਲ੍ਹੇ ਦੇ ਚਾਰ ਤਰਨਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ, ਕਪੂਰਥਲਾ ਜ਼ਿਲ੍ਹੇ ਦੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਜ਼ੀਰਾ ਹਲਕਾ ਸ਼ਾਮਲ ਹੈ। ਇਸ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ’ਚੋਂ ਸੱਤ ’ਚ ‘ਆਪ’ ਵਿਧਾਇਕ ਕਾਬਜ਼ ਹਨ ਜਦਕਿ ਇਕ ਵਿਧਾਨ ਸਭਾ ਹਲਕੇ ’ਚ ਕਾਂਗਰਸ ਤੇ ਇਕ ਵਿਧਾਨ ਸਭਾ ਹਲਕੇ ਵਿਚ ਆਜ਼ਾਦ ਵਿਧਾਇਕ ਕਾਬਜ਼ ਹੈ। ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਲੋਕ ਸਭਾ ਹਲਕੇ ’ਤੇ ‘ਆਪ’ ਦਾ ਦਬਦਬਾ ਹੈ।
ਕੀ ਹੈ ਖਡੂਰ ਸਾਹਿਬ ਹਲਕੇ ਦਾ ਇਤਿਹਾਸ—-ਖਡੂਰ ਸਾਹਿਬ ਲੋਕ ਸਭਾ ਸੀਟ ਚੋਣ ਕਮਿਸ਼ਨ ਦੇ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ 3। ਭਾਰਤੀ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ 75.15 ਫੀਸਦੀ ਵਸੋਂ ਸਿੱਖਾਂ ਦੀ ਹੈ।ਇਸ ਲੋਕ ਸਭਾ ਹਲਕੇ ਅਧੀਨ ਵਿਧਾਨ ਸਭਾ ਦੇ 9 ਹਲਕੇ ਪੈਂਦੇ ਹਨ, ਜਿਸ ਵਿੱਚ ਜੰਡਿਆਲਾ, ਖੇਮਕਰਨ, ਤਰਨਤਾਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜੀਰਾ ਸ਼ਾਮਲ ਹਨ।ਚੋਣ ਕਮਿਸ਼ਨ ਮੁਤਾਬਕ ਇਸ ਵਾਰ 15 ਲੱਖ 63 ਹਜ਼ਾਰ 409 ਵੋਟਰ ਆਪਣਾ ਫ਼ੈਸਲਾ ਸੁਣਾਉਣਗੇ। 2009, 2014 ਅਤੇ 2019 ਵਿੱਚ ਇਸ ਸੀਟ ‘ਤੇ ਹੋਈਆਂ ਆਮ ਚੋਣਾਂ ਵਿਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ ਸੀ। 2009 ਅਤੇ 2014 ਵਿਚ ਇਹ ਸੀਟ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਸੀ। 2009 ਵਿਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰਤਨ ਸਿੰਘ ਅਜਨਾਲਾ ਚੁਣੇ ਗਏ ਸਨ,
ਜਦੋਂ ਕਿ ਪੰਜ ਸਾਲ ਬਾਅਦ 2014 ਵਿਚ ਹੋਈਆਂ ਆਮ ਚੋਣਾਂ ਵਿਚ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਹਿੱਸੇ ਗਈ ਸੀ। ਬ੍ਰਹਮਪੁਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 2019 ਵਿੱਚ ਇਸ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਜੇਕਰ 2019 ਦੀਆਂ ਆਮ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਇਸ ਸੀਟ ‘ਤੇ ਮੁੱਖ ਮੁਕਾਬਲਾ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਏਕਤਾ ਪਾਰਟੀ ਵਿਚਾਲੇ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 44 ਫੀਸਦੀ (4 ਲੱਖ 59 ਹਜ਼ਾਰ 710) ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਕਰੀਬ 31 ਫੀਸਦੀ ਵੋਟਾਂ ਲੈ ਕੇ ਦੂਜੇ ਸਥਾਨ ‘ਤੇ ਰਹੀ। ਤੀਜੇ ਨੰਬਰ ‘ਤੇ ਪੰਜਾਬ ਏਕਤਾ ਪਾਰਟੀ ਦੀ ਬੀਬੀ ਪਰਮਜੀਤ ਕੌਰ ਖਾਲੜਾ ਰਹੀ, ਜਿਨ੍ਹਾਂ ਨੂੰ ਕੁੱਲ ਵੋਟਾਂ ਦਾ ਲਗਭਗ 21 ਫੀਸਦੀ ਵੋਟਾਂ ਮਿਲੀਆਂ।