ਦਰਿਆਵਾਂ ਨੇੜਲੇ ਪਿੰਡਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਬਚਾਅ ਟੀਮਾਂ ਵੀ ਤਿਆਰੀਆਂ ਵਿੱਚ ਜੁੱਟ ਗਈਆਂ ਹਨ। ਇਸ ਸਭ ਵਿਚਾਲੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।ਪੰਜਾਬ ਵਿੱਚ ਤੀਜੀ ਵਾਰ ਹੜ੍ਹਾਂ ਦੀ ਮਾਰ ਦਾ ਖਤਰਾ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਪੈ ਰਹੇ ਮੀਂਹ ਕਾਰਨ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਦਰਿਆਵਾਂ ਨੇੜਲੇ ਪਿੰਡਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਬਚਾਅ ਟੀਮਾਂ ਵੀ ਤਿਆਰੀਆਂ ਵਿੱਚ ਜੁੱਟ ਗਈਆਂ ਹਨ। ਇਸ ਸਭ ਵਿਚਾਲੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।
ਦਰਅਸਲ ਪਹਾੜਾਂ ’ਤੇ ਪਏ ਮੀਂਹ ਕਾਰਨ ਪੰਜਾਬ ਹੁਣ ਹਾਈ ਅਲਰਟ ’ਤੇ ਹੈ। ਡੈਮਾਂ ਵਿੱਚ ਪਹਾੜਾਂ ਤੋਂ ਪਾਣੀ ਦੀ ਆਮਦ ’ਚ ਇਕਦਮ ਵਾਧਾ ਹੋ ਗਿਆ ਹੈ। ਇਸ ਗੱਲ ਦਾ ਡਰ ਹੈ ਕਿ ਪਿਛਲੇ ਦਿਨਾਂ ਵਾਂਗ ਪਹਾੜਾਂ ਤੋਂ ਅਣਕਿਆਸੀ ਮਾਤਰਾ ’ਚ ਡੈਮਾਂ ਵਿੱਚ ਪਾਣੀ ਆਇਆ ਤਾਂ ਹੜ੍ਹਾਂ ਦੇ ਨਵੇਂ ਖ਼ਤਰੇ ਨੂੰ ਟਾਲਣਾ ਮੁਸ਼ਕਲ ਹੋ ਜਾਵੇਗਾ।
ਦੱਸ ਦਈਏ ਕਿ ਪੰਜਾਬ ਵਿੱਚ 9 ਤੇ 10 ਜੁਲਾਈ ਨੂੰ ਆਏ ਹੜ੍ਹ ਕਾਰਨ ਹਾਲਾਤ ਅਜੇ ਸੰਭਲੇ ਨਹੀਂ ਸਨ ਕਿ ਦੂਸਰੇ ਹੜ੍ਹ ਨੇ ਹੱਲਾ ਬੋਲ ਦਿੱਤਾ ਸੀ। ਹੁਣ ਜਦੋਂ ਦੂਸਰੇ ਹੜ੍ਹਾਂ ਦਾ ਪਾਣੀ ਘਟਣਾ ਸ਼ੁਰੂ ਹੋਇਆ ਹੈ ਤਾਂ ਡੈਮਾਂ ਵਿੱਚ ਵਧੇ ਪਾਣੀ ਨੇ ਨਵਾਂ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ ਆਉਂਦੇ ਤਿੰਨ-ਚਾਰ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਬੁੱਧਵਾਰ ਨੂੰ ਅੰਮ੍ਰਿਤਸਰ, ਫ਼ਿਰੋਜ਼ਪੁਰ, ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਗੁਰਦਾਸਪੁਰ, ਮੋਗਾ, ਪਟਿਆਲਾ, ਰੋਪੜ ਤੇ ਤਰਨ ਤਾਰਨ ਵਿਚ ਮੀਂਹ ਪਿਆ ਹੈ।
ਇਸ ਦੇ ਨਾਲ ਹੀ ਡੈਮਾਂ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਵੱਲ ਮੁੜ ਵਧਣ ਲੱਗਾ ਹੈ। ਪਿਛਲੇ ਦਿਨਾਂ ਵਿਚ ਡੈਮਾਂ ਤੋਂ ਪਾਣੀ ਛੱਡ ਕੇ ਪਾਣੀ ਦਾ ਪੱਧਰ ਕਾਫ਼ੀ ਘਟਾਇਆ ਗਿਆ ਸੀ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਨਵੇਂ ਪਾਣੀ ਨੂੰ ਝੱਲਿਆ ਜਾ ਸਕੇ। ਭਾਖੜਾ ਡੈਮ ਵਿੱਚ ਕਰੀਬ ਦੋ ਫੁੱਟ ਪਾਣੀ ਦਾ ਪੱਧਰ ਵਧ ਗਿਆ। ਬੁੱਧਵਾਰ ਨੂੰ ਪਾਣੀ ਦਾ ਪੱਧਰ 1674.18 ਫੁੱਟ ’ਤੇ ਪਹੁੰਚ ਗਿਆ ਸੀ। ਕੁਝ ਦਿਨ ਪਹਿਲਾਂ ਭਾਖੜਾ ਡੈਮ ਦਾ ਪਾਣੀ 1678.6 ਫੁੱਟ ਨੂੰ ਛੂਹ ਗਿਆ ਸੀ। ਭਾਖੜਾ ਡੈਮ ਵਿੱਚ ਬੁੱਧਵਾਰ ਨੂੰ ਪਹਾੜਾਂ ’ਚੋਂ 1.28 ਲੱਖ ਕਿਊਸਿਕ ਪਾਣੀ ਆਇਆ ਜਿਸ ਦੀ ਮਾਤਰਾ ਦੋ ਦਿਨ ਪਹਿਲਾਂ ਸਿਰਫ਼ 36 ਹਜ਼ਾਰ ਕਿਊਸਿਕ ਰਹਿ ਗਈ ਸੀ।
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1390.9 ਫੁੱਟ ’ਤੇ ਪਹੁੰਚ ਗਿਆ ਜੋ ਇੱਕ ਦਿਨ ਪਹਿਲਾਂ 1389.65 ਫੁੱਟ ਸੀ। ਪੌਂਗ ਡੈਮ ਵਿੱਚ ਪਹਾੜਾਂ ਤੋਂ ਪਾਣੀ ਦੀ ਮਾਤਰਾ ਬੁੱਧਵਾਰ ਦੁਪਹਿਰ ਤੋਂ ਪਹਿਲਾਂ 1.93 ਲੱਖ ਕਿਊਸਿਕ ’ਤੇ ਪਹੁੰਚ ਗਈ ਸੀ ਜੋ ਤਿੰਨ ਵਜੇ ਮੁੜ 1.38 ਲੱਖ ਕਿਊਸਿਕ ’ਤੇ ਆ ਗਈ। ਦੋ ਦਿਨ ਪਹਿਲਾਂ ਪੌਂਗ ਡੈਮ ਵਿੱਚ ਪਾਣੀ ਦੀ ਆਮਦ 23 ਹਜ਼ਾਰ ਕਿਊਸਿਕ ਹੀ ਸੀ।
ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਪਾਣੀ 67340 ਕਿਊਸਿਕ ਤੇ ਭਾਖੜਾ ਡੈਮ ਤੋਂ ਸਤਲੁਜ ਵਿੱਚ 58400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਹਾੜਾਂ ਤੋਂ ਪਾਣੀ ਦੀ ਮਾਤਰਾ ਜ਼ਿਆਦਾ ਵਧਦੀ ਹੈ ਤਾਂ ਡੈਮਾਂ ’ਚੋਂ ਮੁੜ ਵੱਧ ਪਾਣੀ ਛੱਡਣਾ ਮਜਬੂਰੀ ਬਣ ਜਾਵੇਗਾ ਜਿਸ ਨਾਲ ਪੰਜਾਬ ਨੂੰ ਮੁੜ ਨਵਾਂ ਡੋਬਾ ਝੱਲਣਾ ਪੈ ਸਕਦਾ ਹੈ।