ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸੂਬਾ ਸਰਹਿੰਦ ਦੇ ਹੁਕਮ ਨਾਲ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ‘ਸ੍ਰੀ ਮੈਥਿਲੀ ਸ਼ਰਨ ਗੁਪਤ’ ਨੇ ਲਿਖਿਆ ਹੈ:
ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ।
੧੭੦੪ ਈ. ਵਿਚ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਰਲ਼ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ ‘ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਇਸ ਬਾਰੇ ਲਿਖਤੀ ਕਸਮਾਂ ਵੀ ਗੁਰੂ ਜੀ ਨੂੰ ਭੇਜੀਆਂ ਗਈਆਂ। ਦੀਨਾ ਕਾਂਗੜ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਜੀ ਵੱਲੋਂ ਲਿਖੇ ‘ਜ਼ਫ਼ਰਨਾਮੇ’ ਵਿਚ ਵੀ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈਂ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ:
ਤੁਰਾ ਗਰ ਬਬਾਯਦ ਕਉਲਿ ਕੁਰਾਂ।
ਬਨਿਜ਼ਦੇ ਸ਼ੁਮਾ ਰਾ ਰਸਾਨਮ ਹਮਾਂ।
(ਜ਼ਫ਼ਰਨਾਮਾ)
ਗੁਰੂ ਜੀ ਦੇ ਕਿਲ੍ਹਾ ਖ਼ਾਲੀ ਕਰ ਕੇ ਜਾਣ ‘ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ-ਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ। ਬੇਈਮਾਨੀ, ਵਾਅਦਾ-ਖਿਲਾਫ਼ੀ, ਚੰਗੇਜ਼ੀ ਅਤੇ ਦਰਿੰਦਗੀ ਦਾ ਘਿਨਾਉਣਾ ਕਾਰਾ ਸੀ। ਇਸਲਾਮ ਦੇ ਮਸ਼ਹੂਰ ਕਵੀ ਅਲਾਮਾ ਇਕਬਾਲ ਅਜਿਹੇ ਹਾਲਾਤ ਬਾਰੇ ਇਉਂ ਲਿਖਦੇ ਹਨ:
ਜਲਾਲ-ਏ-ਪਾਤਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ,
ਜ਼ੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ।
ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਸਰਸਾ ਨਦੀ ਵਿਚ ਭਾਰੀ ਹੜ੍ਹ ਅਤੇ ਦੁਸ਼ਮਣਾਂ ਦਾ ਜ਼ੋਰਦਾਰ ਹਮਲਾ ਇਉਂ ਜਾਪਦਾ ਸੀ ਜਿਵੇਂ ਦੋਵੇਂ ਇਕ ਦੂਜੇ ਨਾਲ ਇਸ ਘਿਨਾਉਣੇ ਕਾਰਨਾਮੇ ਵਿਚ ਸ਼ਾਮਲ ਹੋ ਗਏ ਹੋਣ। ਭਾਵੇਂ ਇਸ ਯੁੱਧ ਵਿਚ ਸੈਂਕੜੇ ਹੀ ਮਰਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ। ਇਥੇ ਗੁਰੂ ਸਾਹਿਬ ਦੇ ਕਾਫਲੇ ਨਾਲੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਵਿਛੜ ਗਏ। ਇਸ ਸਥਾਨ ‘ਤੇ ਅੱਜਕਲ੍ਹ ‘ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ’ ਸੁਸ਼ੋਭਿਤ ਹੈ ਜਿਸ ਨੇ ਇਤਿਹਾਸ ਦੀ ਇਸ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲ ਰੱਖਿਆ ਹੈ।