ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਬਰਸੀ ਮੌਕੇ ਭਾਰਤ ਤੋਂ ਆਏ ਸਿੱਖ ਸ਼ਰਧਾਲੂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਏ ਹਨ। ਦੱਸ ਦਈਏ ਕਿ 205 ਸ਼ਰਧਾਲੂ ਅਟਾਰੀ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ‘ਚ ਦਾਖਲ ਹੋਣਗੇ। ਜੋ ਕਿ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਮਾਗਮ ‘ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ 30 ਜੂਨ ਨੂੰ ਜਥੇ ਦੀ ਵਾਪਸੀ ਹੋਵੇਗੀ।
ਸੰਗਤਾਂ ਨੇ ਖੁਸ਼ੀ ਕੀਤੀ ਜ਼ਾਹਿਰ
ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ 200 ਤੋਂ ਵੱਧ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ ਹੈ। ਪਾਕਿਸਤਾਨ ਸਥਿਤ ਪਾਵਨ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਣ ‘ਤੇ ਸੰਗਤਾਂ ਨੇ ਅਤਿਅੰਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਐਸਜੀਪੀਸੀ ਵੱਲੋਂ ਵੱਡੀ ਗਿਣਤੀ ‘ਚ ਵੀਜੇ ਕੱਟਣ ਦਾ ਵਿਰੋਧ
ਸ਼੍ਰੋਮਣੀ ਕਮੇਟੀ ਮੈਂਬਰ ਭੂਪਿੰਦਰ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਜਥਾ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ 30 ਜੂਨ ਨੂੰ ਵਾਪਸ ਭਾਰਤ ਆਵੇਗਾ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਸੰਗਤ ਦੀਆਂ ਭਾਵਨਾਵਾ ਦੀ ਅਣਦੇਖੀ ਕਰਕੇ ਵੱਡੀ ਗਿਣਤੀ ‘ਚ ਵੀਜੇ ਕੱਟਣ ਦਾ ਵਿਰੋਧ ਕੀਤਾ।
ਸ਼੍ਰੋਮਣੀ ਕਮੇਟੀ ਨੇ ਕੀਤੀ ਇਹ ਮੰਗ
ਨਾਲ ਹੀ ਉਨ੍ਹਾਂ ਨੇ ਸਮਝੌਤਾ ਐਕਸਪ੍ਰੈੱਸ ਰੇਲ ਅਤੇ ਸਦਾ ਏ ਸਰਹੱਦ ਬੱਸ ਸੇਵਾ ਸ਼ੁਰੂ ਕਰਨ ਅਤੇ ਵੀਜਾ ਪ੍ਰਣਾਲੀ ਸੌਖੀ ਬਣਾਉਣ ਦੀ ਮੰਗ ਵੀ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਲੰਗਰ ਸੇਵਾ ਕਿਸੇ ਏਜੰਸੀ ਤੋਂ ਕਰਵਾਉਣ ਦੀ ਥਾਂ ਸੰਗਤਿ ਲੰਗਰ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ।