ਪੰਜਾਬ ਯੂਨੀਵਰਸਿਟੀ ਤੇ ਕਾਲਜਾਂ ਵਿੱਚ ਵਿਦਿਆਰਥੀ ਜਥੇਬੰਦੀ ਚੋਣਾਂ ਨੂੰ ਲੈ ਕੇ ਪ੍ਰਚਾਰ ਦੇ ਆਖਰੀ ਦਿਨ ਉਮੀਦਵਾਰਾਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ। ਕੈਂਪਸ ਵਿੱਚ ਵੱਖ-ਵੱਖ ਪਾਰਟੀਆਂ ਨੇ ਜ਼ੋਰਦਾਰ ਪ੍ਰਚਾਰ ਕੀਤਾ। PU Student Council Elections 2023: ਪੰਜਾਬ ਯੂਨੀਵਰਸਿਟੀ ਤੇ ਕਾਲਜਾਂ ਵਿੱਚ ਅੱਜ ਰਾਤ 9 ਵਜੇ ਚੋਣ ਪ੍ਰਚਾਰ ਸਮਾਪਤ ਹੋ ਜਾਵੇਗਾ। ਚੋਣ ਪ੍ਰਚਾਰ ਦੇ ਆਖਰੀ ਦਿਨ ਉਮੀਦਵਾਰਾਂ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ। ਕੈਂਪਸ ਵਿੱਚ ਵੱਖ-ਵੱਖ ਪਾਰਟੀਆਂ ਨੇ ਜ਼ੋਰਦਾਰ ਪ੍ਰਚਾਰ ਕੀਤਾ। ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਉਮੀਦਵਾਰਾਂ ਤੇ ਸਮਰਥਕਾਂ ਨੇ ਪ੍ਰਚਾਰ ਕੀਤਾ ਤੇ ਆਪਣੇ ਹੱਕ ਵਿੱਚ ਭੁਗਤਣ ਲਈ ਕਿਹਾ।
ਪੀਯੂ ਵਿੱਚ 6 ਸਤੰਬਰ ਨੂੰ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹਨ। ਅੱਜ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਮੀਦਵਾਰ ਨਿੱਜੀ ਸੰਪਰਕ ਰਾਹੀਂ ਹੀ ਵੋਟਾਂ ਮੰਗ ਸਕਦੇ ਹਨ। ਵਿਦਿਆਰਥੀ ਜਥੇਬੰਦੀਆਂ ਵੱਲੋਂ ਪੀਯੂ ਅਤੇ ਕਾਲਜਾਂ ਵਿੱਚ ਉਮੀਦਵਾਰਾਂ ਦੇ ਪੋਸਟਰ ਲਗਾਉਣ, ਰੈਲੀਆਂ ਕਰਨ ਅਤੇ ਭੀੜ ਇਕੱਠੀ ਕਰਨ ‘ਤੇ ਪਾਬੰਦੀ ਹੋਵੇਗੀ। ਪੀਯੂ ਅਤੇ ਕਾਲਜਾਂ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਚਾਰ-ਪੰਜ ਤੋਂ ਵੱਧ ਵਿਦਿਆਰਥੀ ਜਥੇਬੰਦੀ ਦੇ ਸਟਿੱਕਰ ਲਗਾ ਕੇ ਇੱਕ ਥਾਂ ਇਕੱਠੇ ਨਹੀਂ ਹੋ ਸਕਦੇ।ਪੀਯੂ ਤੇ ਕਾਲਜਾਂ ਵਿੱਚ ਸੋਮਵਾਰ ਰਾਤ 9 ਵਜੇ ਤੋਂ ਬਾਅਦ ਸਟਿੱਕਰ ਚਿਪਕਾਉਣ ਤੇ ਨਾਅਰੇਬਾਜ਼ੀ ਕਰਨ ‘ਤੇ ਪਾਬੰਦੀ ਰਹੇਗੀ। DSW ਪ੍ਰੋ. ਜਤਿੰਦਰ ਗਰੋਵਰ ਨੇ ਦੱਸਿਆ ਕਿ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਤੋਂ 48 ਘੰਟੇ ਪਹਿਲਾਂ ਸੋਮਵਾਰ ਰਾਤ ਨੂੰ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰੇਗੀ।
ਕਾਬਿਲੇਗੌਰ ਹੈ ਕਿ ਪ੍ਰਧਾਨ ਦੇ ਅਹੁਦੇ ਲਈ 9 ਉਮੀਦਵਾਰ ਮੈਦਾਨ ਵਿੱਚ ਹਨ। ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਦਵਿੰਦਰਪਾਲ ਸਿੰਘ, ਦਿਵਿਆਂਸ਼ ਠਾਕੁਰ, ਜਤਿੰਦਰ ਸਿੰਘ, ਕੁਲਦੀਪ ਸਿੰਘ, ਮੋਨਿਕਾ ਛਾਬੜਾ, ਪ੍ਰਤੀਕ ਕੁਮਾਰ, ਰਾਕੇਸ਼ ਦੇਸਵਾਲ, ਸਕਸ਼ਮ ਸਿੰਘ ਅਤੇ ਯੁਵਰਾਜ ਗਰਗ ਚੋਣ ਲੜਨਗੇ, ਜਿਨ੍ਹਾਂ ਵਿਚਾਲੇ ਕੜੀ ਟੱਕਰ ਨਜ਼ਰ ਆ ਰਹੀ ਹੈ।ਪੰਜਾਬ ਯੂਨੀਵਰਸਿਟੀ ਦੇ ਚੱਪੇ-ਚੱਪੇ ਉਪਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਿਸ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਜੇਕਰ ਅੱਜ ਸ਼ਾਮ ਤੋਂ ਬਾਅਦ ਕਿਸੇ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਉਸ ਖਿਲਾਫ਼ ਸਖ਼ਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।