ਵੱਡੀ ਖਬਰ : ਵਿਧਾਨ ਸਭਾ ‘ਚ ਸਿੱਖ ਗੁਰਦੁਆਰਾ ਸੋਧ ਬਿੱਲ- 2023 ਪਾਸ, ਮੁੱਖ ਮੰਤਰੀ ਨੇ SGPC ‘ਤੇ ਲਾਏ ਤਿੱਖੇ ਨਿਸ਼ਾਨੇ

ਪੰਜਾਬ ਵਿਧਾਨ ਸਭਾ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ -2023 ਨੂੰ ਪੇਸ਼ ਕੀਤਾ, ਜਿਸ ਉੱਤੇ ਬਹਿਸ ਕਰਨ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ। ਹਾਲਾਂਕਿ, ਇਸ ਦੌਰਾਨ ਅਕਾਲੀ ਦਲ ਵਿਧਾਇਕ ਮਨਪ੍ਰੀਤ ਇਆਲੀ ਨੇ ਇਸ ਬਿੱਲ ਦਾ ਵਿਰੋਧ ਵੀ ਕੀਤਾ, ਪਰ ਜ਼ਿਆਦਾ ਵੋਟ ਹਾਂ ਪੱਖੀ ਹੋਣ ਕਰਕੇ ਸਪੀਕਰ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਚੈਨਲਾਂ ਨੂੰ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਦੇਣ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਗੁਰਬਾਣੀ ਸਾਰੇ ਵਿਸ਼ਵ ਵਿੱਚ ਸੁਣੀ ਜਾਵੇ ਤਾਂ ਵਿਰੋਧੀ ਕਹਿੰਦੇ ਨੇ ਕਿ ਪੰਥ ‘ਤੇ ਹਮਲਾ ਹੈ।

ਗੁਰਬਾਣੀ ‘ਤੇ ਕਿਸੇ ਇੱਕ ਚੈਨਲ ਦਾ ਏਕਾਧਿਕਾਰ ਨਹੀਂ-ਮਾਨ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰਬਾਣੀ ਸਰਭ ਸਾਂਝੀ ਹੈ। ਇਸ ਉੱਤੇ ਕਿਸੇ ਇੱਕ ਚੈਨਲ ਦਾ ਹੱਕ ਨਹੀਂ ਹੈ। ਇਸ ਸਮੇਂ ਗੁਰਦੁਆਰਾ Free to Air ਨਹੀਂ ਹੈ। 21 ਜੁਲਾਈ ਨੂੰ ਪੀਟੀਸੀ ਦਾ ਕਾਂਟ੍ਰੈਕਟ ਖਤਮ ਹੋ ਰਿਹਾ ਹੈ। ਹੁਣ ਉਹ ਚਾਹੁੰਦੇ ਹਨ ਕਿ ਮੁੜ ਤੋਂ ਉਨ੍ਹਾਂ ਨੂੰ 12 ਸਾਲਾਂ ਲਈ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਮਿਲ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸੋਧ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਮੁੱਚੀ ਮਨੁੱਖਤਾ ਗੁਰਬਾਣੀ ਕੀਰਤਨ ਸੁਣ ਸਕੇ ਅਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਬਿਨਾਂ ਕਿਸੇ ਅਦਾਇਗੀ ਦੇ ਦੇਖ ਸਕੇ।

ਮਾਨ ਨੇ ਕਿਹਾ ਕਿ ਇਸ ਕਦਮ ਨਾਲ ਕਿਸੇ ਵੀ ਤਰ੍ਹਾਂ ਪਵਿੱਤਰ ਗੁਰਬਾਣੀ ਦਾ ਵਪਾਰੀਕਰਨ ਨਹੀਂ ਹੋਵੇਗਾ। ਇਸ ਐਕਟ ਦਾ ਸਿਰਲੇਖ ਸਿੱਖ ਗੁਰਦੁਆਰਾ (ਸੋਧ) ਐਕਟ-2023 ਹੋਵੇਗਾ, ਜੋ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਤ ਹੋਣ ਦੀ ਮਿਤੀ ਤੋਂ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਮੁਫ਼ਤ ਪ੍ਰਸਾਰਣ ਲਈ ਧਾਰਾ-125 ਤੋਂ ਬਾਅਦ ਸਿੱਖ ਗੁਰਦੁਆਰਾ ਐਕਟ-1925 ਵਿੱਚ ਧਾਰਾ-125ਏ ਵੀ ਦਰਜ ਕੀਤੀ ਜਾਵੇਗੀ।

ਐੱਸਜੀਪੀਸੀ ਅਤੇ ਧਾਮੀ ‘ਤੇ ਮਾਨ ਦੇ ਨਿਸ਼ਾਨੇ
ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਸੈਂਟਰਲ ਨਹੀਂ ਸਟੇਟ ਐਕਟ ਹੈ। ਧਾਮੀ ਸਾਬ੍ਹ ਨੇ ਪਤਾ ਨਹੀਂ ਕਿੱਥੋਂ ਵਕਾਲਤ ਕੀਤੀ ਹੈ। ਇਹ ਐਕਟ ਸਾਰੇ ਮੀਡੀਆ ਹਾਊਸਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਸਿੱਧਾ ਪ੍ਰਸਾਰਣ (ਆਡੀਓ ਜਾਂ ਆਡੀਓ ਅਤੇ ਵੀਡੀਓ) ਕਰਨ ਲਈ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਬੋਰਡ ਦੀ ਡਿਊਟੀ ਪ੍ਰਦਾਨ ਕਰੇਗਾ।

ਆਊਟਲੇਟ ਜੋ ਵੀ ਤੁਸੀਂ ਚਾਹੁੰਦੇ ਹੋ, ਪਲੇਟਫਾਰਮ, ਚੈਨਲ ਆਦਿ ਪ੍ਰਦਾਨ ਕਰਨੇ ਹੋਣਗੇ। ਇਸ ਐਕਟ ਵਿੱਚ ਇਹ ਵੀ ਵਿਵਸਥਾ ਹੋਵੇਗੀ ਕਿ ਟੈਲੀਕਾਸਟ ਦੌਰਾਨ ਕਿਸੇ ਵੀ ਕੀਮਤ ‘ਤੇ ਇਸ਼ਤਿਹਾਰ/ਵਪਾਰੀਕਰਨ/ਵਿਗਾੜ ਨਹੀਂ ਹੋਣਾ ਚਾਹੀਦਾ। ਮਾਨ ਨੇ ਅਫਸੋਸ ਪ੍ਰਗਟ ਕੀਤਾ ਕਿ ਸਿੱਖ ਗੁਰਦੁਆਰਾ ਐਕਟ-1925 ਰਾਹੀਂ ਬਣਾਈ ਗਈ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦੇ ਪ੍ਰਚਾਰ ਦਾ ਕੰਮ ਸੌਂਪਿਆ ਗਿਆ ਸੀ ਪਰ ਇਸ ਨੇ ਆਪਣੇ ਆਪ ਨੂੰ ਇੱਕ ਪਰਿਵਾਰ ਦੀ ਕਠਪੁਤਲੀ ਬਣਾ ਕੇ ਆਪਣੇ ਫਰਜ਼ ਤੋਂ ਅਣਗਹਿਲੀ ਕੀਤੀ ਹੈ।

Leave a Reply

Your email address will not be published. Required fields are marked *