ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਦਾ ਇਕ ਹੋਰ ਵੱਡਾ ਝਟਕਾ

ਕੈਨੇਡਾ ਅਤੇ ਭਾਰਤ ਦਰਮਿਆਨ ਕੂਟਨੀਤਕ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਵਿਵਾਦ ਕਾਰਨ ਵਿਦਿਆਰਥੀ ਅਤੇ ਆਮ ਲੋਕ ਯਾਤਰਾ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ। ਟੋਰਾਂਟੋ ਤੋਂ ਭਾਰਤ ਕੌਂਸਲ ਜਨਰਲ ਵਾਲੋਂ ਬੀਤੇ ਦਿਨ ਸਪੱਸ਼ਟ ਕਿਹਾ ਗਿਆ ਕਿ ਕੈਨੇਡਾ ਦੇ ਨਾਗਰਿਕ ਓਵਰਸੀਜ਼ ਇੰਡੀਅਨ ਸਿਟੀਜ਼ਨ (ਓ.ਸੀ.ਆਈ.) ਲਈ ਅਪਲਾਈ ਕਰ ਸਕਦੇ ਹਨ ਪਰ 21 ਸਤੰਬਰ ਤੋਂ ਬਾਅਦ ਆਰਜ਼ੀ ਵੀਜ਼ੇ (Temporary visas) ਬੰਦ ਹਨ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਇਹ ਵੀ ਕਿਹਾ ਕਿ ਐਮਰਜੈਂਸੀ ਵੀਜ਼ਾ ਵੀ ਬੰਦ ਹੈ। ਇਹ ਵੀ ਕਿਹਾ ਕਿ 21 ਸਤੰਬਰ ਤੋਂ ਪਹਿਲਾਂ ਜਾਰੀ ਕੀਤੇ ਵੀਜ਼ੇ ਭਾਰਤ ਜਾਣ ਲਈ ਵੈਧ ਹਨ ਅਤੇ ਓ.ਸੀ.ਆਈ. ਧਾਰਕ ਵੀ ਆਮ ਵਾਂਗ ਭਾਰਤ ਜਾ ਸਕਦੇ ਹਨ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਹਰੇਕ ਵਾਰ ਭਾਰਤ ਜਾਣ ਲਈ ਵੀਜ਼ਾ ਅਪਲਾਈ ਕਰਦੇ ਹਨ ਅਤੇ ਉਹਨਾਂ ਕੋਲ ਲੰਬੀ ਮਿਆਦ ਦੇ ਵੀਜ਼ੇ ਜਾਂ ਓ.ਸੀ.ਆਈ. ਨਹੀਂ ਹੈ।

ਵੀਜ਼ੇ ਬੰਦ ਹੋਣ ਨਾਲ ਇਹਨਾਂ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਪੇਸ਼ ਆ ਰਹੀਆਂ ਹਨ ਕਿਉਂਕਿ ਨਵਾਂ ਵੀਜ਼ਾ ਅਪਲਾਈ ਨਹੀਂ ਕੀਤਾ ਜਾ ਸਕਦਾ। ਕੈਨੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਦੇ ਭਾਰਤ ਵਿਚ ਪਰਿਵਾਰ ਅਤੇ ਰਿਸ਼ਤੇਦਾਰ ਹਨ, ਕਿਸੇ ਜੀਅ ਦੇ ਬਿਮਾਰ ਹੋਣ ਜਾਂ ਮੌਤ ਹੋ ਜਾਣ ਦੀ ਸਥਿਤੀ ਵਿਚ ਕੈਨੇਡਾ ਤੋਂ ਭਾਰਤ ਜਾਣ ਲਈ ਅਕਸਰ ਐਮਰਜੈਂਸੀ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਜੋ ਕਿ ਭਾਰਤੀ ਕੌਂਸਲਖਾਨੇ ਦੇ ਅਧਿਕਾਰੀ ਛੁੱਟੀ ਵਾਲੇ ਦਿਨ ਵੀ ਲਗਾ ਦਿੰਦੇ ਹਨ ਪਰ ਹੁਣ ਬਦਲੇ ਹਾਲਾਤ ਵਿਚ ਐਮਰਜੈਂਸੀ ਵੀਜ਼ਾ ਬੰਦ ਕਰ ਦਿੱਤਾ ਗਿਆ ਹੈ,

ਜਿਸ ਕਰਕੇ ਕੈਨੇੇਡਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਚਿੰਤਾ ਵਧ ਗਈ ਹੈ। ਮੌਜੂਦਾ ਅਨਿਸ਼ਚਿਤ ਸਥਿਤੀ ਦੌਰਾਨ ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਕੈਨੇਡਾ ਤੋਂ ਭਾਰਤ ਆਉਣ ਦਾ ਪ੍ਰੋਗਰਾਮ ਇਸ ਖਦਸ਼ੇ ਕਾਰਨ ਰੱਦ ਕਰ ਰਹੇ ਹਨ ਕਿ ਭਵਿੱਖ ਵਿਚ ਕੈਨੇਡਾ ਵੱਲੋਂ ਵੀਜ਼ੇ ਰੋਕਣ ਦਾ ਫ਼ੈਸਲਾ ਕਰਨ ਦੀ ਸਥਿਤੀ ਵਿਚ ਉਹ ਭਾਰਤ ਤੋਂ ਕੈਨੈਡਾ ਵਾਪਸ ਨਹੀਂ ਜਾ ਸਕਣਗੇ।

Leave a Reply

Your email address will not be published. Required fields are marked *