ਰੇਵ ਪਾਰਟੀ ਅਤੇ ਕੋਬਰਾ ਸੱਪ ਦਾ ਜ਼ਹਿਰ ਖਰੀਦਣ ਦੇ ਮਾਮਲੇ ‘ਚ ਭਗੌੜੇ ਹੋਏ ਬਿੱਗ ਬੌਸ ਓਟੀਟੀ ਵਿਨਰ ਐਲਵਿਸ਼ ਯਾਦਵ ਨੂੰ ਅੱਜ ਕੁਝ ਸਮਾਂ ਪਹਿਲਾਂ ਰਾਜਸਥਾਨ ਦੇ ਕੋਟਾ ਜ਼ਿਲ੍ਹੇ ਦੀ ਪੁਲਿਸ ਨੇ ਕਾਬੂ ਕਰ ਲਿਆ। ਪਰ ਪੁੱਛਗਿੱਛ ਤੋਂ ਬਾਅਦ ਐਲਵਿਸ਼ ਯਾਦਵ ਨੂੰ ਛੱਡ ਦਿੱਤਾ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਾਜਸਥਾਨ ਦੇ ਸਾਰੇ ਸ਼ਹਿਰਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਪੂਰੇ ਰਾਜਸਥਾਨ ਦੀ ਪੁਲਿਸ ਨੇ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਨਾਕਾਬੰਦੀ ਕੀਤੀ ਹੋਈ ਸੀ। ਇਸ ਨਾਕਾਬੰਦੀ ਦੌਰਾਨ ਐਲਵਿਸ਼ ਯਾਦਵ ਨੂੰ ਕੋਟਾ ਦਿਹਾਤੀ ਇਲਾਕੇ ਵਿੱਚ ਹਿਰਾਸਤ ਵਿੱਚ ਲਿਆ ਗਿਆ। ਉਹ ਕਾਰ ਚਲਾ ਰਿਹਾ ਸੀ। ਉਸ ਦੇ ਨਾਲ ਇੱਕ ਹੋਰ ਵਿਅਕਤੀ ਹੋਣ ਦੀ ਸੂਚਨਾ ਮਿਲੀ ਹੈ।
ਇਸ ਦੇ ਨਾਲ ਹੀ ਸੁਕੇਤ ਥਾਣਾ ਰਾਮਗੰਜ ਦੇ ਐਸਐਚਓ ਨੇ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਕਾਬੰਦੀ ਦੌਰਾਨ ਅਲਵਿਸ਼ ਨੂੰ ਹਿਰਾਸਤ ਵਿੱਚ ਲਿਆ ਗਿਆ। ਕਰੀਬ 20 ਮਿੰਟ ਤੱਕ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਗਿਆ। ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਨੇ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਨੋਇਡਾ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਸ਼ਨੀਵਾਰ ਨੂੰ ਕੋਟਾ ਦਿਹਾਤੀ ਜ਼ਿਲੇ ‘ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੇ ਇੱਕ ਕਾਰ ਨੂੰ ਰੋਕਿਆ। ਜਾਂਚ ਦੌਰਾਨ ਪਤਾ ਲੱਗਾ ਕਿ ਐਲਵਿਸ਼ ਯਾਦਵ ਵੀ ਕਾਰ ‘ਚ ਸਫਰ ਕਰ ਰਿਹਾ ਸੀ। ਇਸ ਤੋਂ ਬਾਅਦ ਐਲਵਿਸ਼ ਨੂੰ ਕੋਟਾ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਅਤੇ ਇਸ ਦੀ ਸੂਚਨਾ ਨੋਇਡਾ ਪੁਲਿਸ ਨੂੰ ਦਿੱਤੀ। ਨੋਇਡਾ ਪੁਲਿਸ ਨੇ ਐਲਵਿਸ਼ ਯਾਦਵ ਦੇ ਮਾਮਲੇ ਵਿੱਚ ਲੋੜੀਂਦੇ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਫਿਰ ਕੋਟਾ ਪੁਲਿਸ ਨੇ ਉਨ੍ਹਾਂ ਨੂੰ ਛੱਡ ਦਿੱਤਾ।
ਜ਼ਿਕਰਯੋਗ ਹੈ ਕਿ 3 ਨਵੰਬਰ ਨੂੰ ਨੋਇਡਾ ਪੁਲਿਸ ਨੇ ਰੇਵ ਪਾਰਟੀ ਆਯੋਜਿਤ ਕਰਨ ਅਤੇ ਉਸ ‘ਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ‘ਤੇ ਮਾਮਲਾ ਦਰਜ ਕੀਤਾ ਸੀ। ਉਸ ਸਮੇਂ ਇਸ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਐਲਵਿਸ਼ ਫਰਾਰ ਸੀ।