ਬਾਬਾ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇੱਥੇ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਪੰਡਿਤ ਧੀਰੇਂਦਰ ਸ਼ਾਸਤਰੀ ਨੇ ਪੀਲੇ ਰੰਗ ਦੀ ਪੱਗ ਵੀ ਬੰਨ੍ਹੀ ਹੋਈ ਸੀ। ਉਨ੍ਹਾਂ ਦੇ ਨਾਲ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਮੌਜੂਦ ਸਨ। ਸ੍ਰੀ ਦਰਬਾਰ ਸਾਹਿਬ ਪਹੁੰਚੇ ਬਾਗੇਸ਼ਵਰ ਬਾਬਾ ਨੇ ਕਿਹਾ-ਗੁਰੂ ਜੀ ਦਾ ਆਸ਼ੀਰਵਾਦ ਲੈਣ ਆਏ ਹਨ। ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਪੰਜਾਬ ਆ ਕੇ ਬਹੁਤ ਖੁਸ਼ੀ ਮਹਿਸੂਸ ਹੋਈ।
ਧੀਰੇਂਦਰ ਸ਼ਾਸਤਰੀ ਨੇ ਹਰਿਮੰਦਰ ਸਾਹਿਬ ਵਿੱਚ ਚੜ੍ਹਾਏ ਗਏ ਪ੍ਰਸ਼ਾਦ ਦੀ ਕੜਾਹੀ ਪਾਈ ਅਤੇ ਮੱਥਾ ਟੇਕਦਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਰੁਮਾਲਾ ਸਾਹਿਬ ਭੇਟ ਕੀਤਾ। ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਇਸ ਮੌਕੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਅਤੇ ਰਣਧੀਰ ਸਿੰਘ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਮਰਿਆਦਾ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਸਨਾਤਨ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਬਰਕਰਾਰ ਰਹਿਣੀ ਚਾਹੀਦੀ ਹੈ। ਪੰਜਾਬੀ ਪੱਗ ਬੰਨਣੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੀ ਧਰਤੀ ਪੰਜਾਬ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਹੈ। ਉਹ ਸ੍ਰੀ ਦੁਰਗਿਆਣਾ ਮੰਦਰ ਵੀ ਮੱਥਾ ਟੇਕਣ ਗਏ। ਬਾਗੇਸ਼ਵਰ ਬਾਬਾ ਨੇ ਦੱਸਿਆ ਕਿ ਉਹ ਪਠਾਨਕੋਟ ਵਿੱਚ ਤਿੰਨ ਰੋਜ਼ਾ ਭਾਗਵਤ ਕਥਾ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪੰਜਾਬ ਆਏ ਹਨ। ਇਹ ਪ੍ਰੋਗਰਾਮ 21 ਤੋਂ 23 ਅਕਤੂਬਰ ਤੱਕ ਚੱਲੇਗਾ।
ਇਹ ਦਰਬਾਰ ਸਲਾਰੀਆ ਜਨ ਸੇਵਾ ਫਾਉਂਦਾਤਿਓਂ ਵਲੋਂ “ਦਾ ਵ੍ਹਾਈਟ ਮੈਡੀਕਲ” ਦੇ ਮੈਦਾਨ ਵਿਖੇ ਕਰਵਾਇਆ ਜਾਵੇਗਾ। ਇੱਥੇ ਲੱਖਾਂ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਨੂੰ ਮੁੱਖ ਰੱਖਦਿਆਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ। ਮੈਦਾਨ ਦੇ ਸਾਹਮਣੇ ਧੀਰੇਂਦਰ ਸ਼ਾਸਤਰੀ ਜੀ ਦਾ ਇਲਾਹੀ ਦਰਬਾਰ ਹੋਵੇਗਾ। ਦਰਬਾਰ ਦੇ ਇਕ ਪਾਸੇ ਸੰਤ ਸਮਾਜ ਦੇ ਲੋਕਾਂ ਦੇ ਬੈਠਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।