ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਸਾਜਨਾ ਨਾਲ ਸਿੱਖ ਧਰਮ ਨੂੰ ਨਿਡਰਤਾ ਦੀ ਦਾਤ ਬਖ਼ਸ਼ ਕੇ ਹਕੂਮਤੀ ਬੇਇਨਸਾਫ਼ੀਆਂ ਵਿਰੁਧ ਆਵਾਜ਼ ਨੂੰ ਹੋਰ ਪ੍ਰਚੰਡ ਕੀਤਾ। ਕੁਰਬਾਨੀਆਂ ਦੇ ਮਾਮਲੇ ਵਿਚ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਮੇਚ ਦੀ ਉਦਾਹਰਣ ਸੰਸਾਰ ਦੇ ਕਿਸੇ ਵੀ ਇਤਿਹਾਸ ਵਿਚ ਨਹੀਂ ਮਿਲਦੀ। ਇਨਸਾਨੀਅਤ ਤੇ ਮਨੁੱਖਤਾ ਲਈ ਪਿਤਾ ਤੋਂ ਬਾਅਦ ਪੁਤਰਾਂ ਤੇ ਮਾਤਾ ਦਾ ਬਲੀਦਾਨ ਦੇਣਾ ਸਿਰਫ਼ ਤੇ ਸਿਰਫ਼ ਦਸ਼ਮੇਸ਼ ਪਿਤਾ ਦੇ ਹਿੱਸੇ ਹੀ ਆਇਆ ਹੈ।ਗੁਰੂ ਸਾਹਿਬ ਨੇ ਬਾਲ ਉਮਰੇ ਪਿਤਾ ਨੂੰ ਕਸ਼ਮੀਰੀ ਪੰਡਿਤਾਂ ਦੀ ਰਖਵਾਲੀ ਲਈ ਸ਼ਹਾਦਤ ਲਈ ਤੋਰ ਕੇ ਤੇ ਮੁਗ਼ਲਾਂ ਦੇ ਜ਼ੁਲਮ ਦਾ ਜਵਾਬ ਦੇਣ ਲਈ ਬਾਲ ਪੁਤਰਾਂ ਤੇ ਮਾਤਾ ਦੀ ਕੁਰਬਾਨੀ ਦੇ ਕੇ ਵਿਲੱਖਣ ਇਤਿਹਾਸ ਸਿਰਜਿਆ। ਗੁਰੂ ਸਾਹਿਬ ਵਲੋਂ ਦਿਤੀਆਂ ਪਿਤਾ, ਮਾਤਾ ਤੇ ਪੁਤਰਾਂ ਦੀਆਂ ਕਰਬਾਨੀਆਂ ਨਾ ਨਿੱਜ ਲਈ ਸਨ ਅਤੇ ਨਾ ਹੀ ਵਿਸ਼ੇਸ਼ ਧਰਮ ਲਈ ਸਗੋਂ ਇਹ ਕੁਰਬਾਨੀਆਂ ਇਨਸਾਨੀਅਤ ਲਈ ਸਨ।
ਗੁਰੂ ਸਾਹਿਬ ਦਾ ਪ੍ਰਕਾਸ਼ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖੋਂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਪਟਨਾ ਸਾਹਿਬ ਵਿਖੇ ਹੋਇਆ। ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਬੰਗਾਲ ਤੇ ਅਸਾਮ ਦੀ ਯਾਤਰਾ ਉਤੇ ਆਏ ਹੋਏ ਸਨ। ਬਾਲ ਗੋਬਿੰਦ ਰਾਏ ਦੀ ਉਮਰ ਚਾਰ ਕੁ ਵਰ੍ਹੇ ਦੀ ਹੋਵੇਗੀ ਜਦੋਂ ਉਨ੍ਹਾਂ ਦਾ ਪ੍ਰਵਾਰ ਮੁੜ ਆਨੰਦਪੁਰ ਸਾਹਿਬ ਆ ਗਿਆ।ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਹਕੂਮਤ ਅਧੀਨ ਕਸ਼ਮੀਰ ਦੇ ਗਵਰਨਰ ਵਲੋਂ ਕਸ਼ਮੀਰੀ ਪੰਡਿਤਾਂ ਉਤੇ ਧਾਰਮਕ ਤਸ਼ੱਦਦ ਕੀਤਾ ਜਾ ਰਿਹਾ ਸੀ। ਹਿੰਦੂ ਧਾਰਮਕ ਅਸਥਾਨਾਂ ਨੂੰ ਢਹਿ ਢੇਰੀ ਕਰ ਕੇ ਉਨ੍ਹਾਂ ਨੂੰ ਇਸਲਾਮ ਧਾਰਨ ਲਈ ਮਜਬੂਰ ਕਰ ਰਹੇ ਸਨ। ਕਸ਼ਮੀਰੀ ਪੰਡਤ ਅਪਣੇ ਧਰਮ ਦੀ ਰਖਵਾਲੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆਏ ਤਾਂ ਉਸ ਸਮੇਂ ਬਾਲ ਗੋਬਿੰਦ ਰਾਏ ਦੀ ਉਮਰ ਮਹਿਜ਼ 9 ਵਰ੍ਹਿਆਂ ਦੀ ਸੀ।
ਬਾਲ ਗੋਬਿੰਦ ਰਾਏ ਨੇ ਛੋਟੀ ਉਮਰ ਵਿਚ ਵੱਡੀ ਸੋਚ ਦਾ ਪ੍ਰਮਾਣ ਦਿੰਦਿਆਂ ਪਿਤਾ ਜੀ ਨੂੰ ਧਾਰਮਕ ਆਜ਼ਾਦੀ ਦੀ ਰਖਵਾਲੀ ਲਈ ਮੁਗ਼ਲ ਹਕੂਮਤ ਨਾਲ ਗੱਲ ਕਰਨ ਲਈ ਕਿਹਾ। ਧਾਰਮਕ ਕੱਟੜਤਾ ਵਿਚ ਅੰਨ੍ਹੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਵੀ ਇਸਲਾਮ ਧਾਰਨ ਕਰਨ ਜਾਂ ਮੌਤ ਕਬੂਲਣ ਲਈ ਕਿਹਾ। ਗੁਰੁ ਸਾਹਿਬ ਵਲੋਂ ਇਸਲਾਮ ਧਰਮ ਕਬੂਲਣ ਤੋਂ ਇਨਕਾਰ ਕਰਨ ਉਤੇ ਉਨ੍ਹਾਂ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿਤਾ ਗਿਆ।ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਬਾਲ ਗੋਬਿੰਦ ਰਾਏ ਦਸਵੇਂ ਗੁਰੂ ਵਜੋਂ ਗੁਰੂਗੱਦੀ ਉਤੇ ਬਿਰਾਜਮਾਨ ਹੋਏ। ਉਨਾਂ ਸਮਾਜਕ ਸਮਾਨਤਾ, ਸੁਤੰਤਰਤਾ ਤੇ ਸ਼ਾਂਤੀ ਦੀ ਸਥਾਪਨਾ ਲਈ ਲਏ ਸੰਕਲਪ ਦੀ ਪੂਰਤੀ ਲਈ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਉਨ੍ਹਾਂ ਹਕੂਮਤੀ ਜ਼ੁਲਮਾਂ ਦਾ ਜਵਾਬ ਦੇਣ ਲਈ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਤੇ ਯੁਧ ਕਲਾ ਵਿਚ ਨਿਪੁੰਨ ਹੋਣ ਲਈ ਕਿਹਾ।ਗੁਰੂ ਸਾਹਿਬ ਨੇ ਸਿੱਖਾਂ ਲਈ ਘੁੜਸਵਾਰੀ ਤੇ ਸ਼ਸਤਰ ਚਲਾਉਣ ਦੀ ਸਿਖਲਾਈ ਦੇਣ ਦੇ ਪ੍ਰਬੰਧ ਕੀਤੇ। ਖ਼ਾਲਸਾਈ ਜੰਗੀ ਤਿਆਰੀਆਂ ਮੁਗ਼ਲ ਹਕੂਮਤ ਅਤੇ ਪਹਾੜੀ ਰਾਜਿਆਂ ਦੀਆਂ ਅੱਖਾਂ ਵਿਚ ਰੜਕਣ ਲੱਗੀਆਂ ਤੇ ਉਹ ਗੁਰੂ ਜੀ ਨਾਲ ਖ਼ਾਰ ਖਾਣ ਲੱਗੇ। ਦਸਮ ਪਿਤਾ ਦੇ ਘਰ ਚਾਰ ਪੁਤਰਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਹੋਇਆ।