ਜਲੰਧਰ ‘ਚ ਵੀਰਵਾਰ ਨੂੰ ਕੁਲਹੜ ਪੀਜ਼ਾ ਕਪਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ। ਦਰਅਸਲ ਕੁਲਹੜ ਪੀਜ਼ਾ ਦੇ ਬਾਹਰ ਇਕ ਵਾਰ ਫਿਰ ਹੰਗਾਮਾ ਹੋਇਆ। ਲੁਧਿਆਣਾ ਦਾ ਨਿਹੰਗ ਰਮਨਦੀਪ ਸਿੰਘ ਮੰਗੂ ਆਪਣੇ ਮਠ ਸਾਥੀਆਂ ਸਣੇ ਰੈਸਟੋਰੈਂਟ ਦੇ ਬਾਹਰ ਪਹੁੰਚਿਆ। ਮੰਗੂ ਮਠ ਨੇ ਕੁਲਹੜ ਪੀਜ਼ਾ ਕਪਲ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਹੰਗਾਮੇ ਸਮੇਂ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਉਥੇ ਮੌਜੂਦ ਨਹੀਂ ਸਨ।
ਇਸ ਦੌਰਾਨ ਨਿਹੰਗ ਮੰਗੂ ਮਠ ਨੇ ਕਿਹਾ ਕਿ ਕੁਲਹੜ ਪੀਜ਼ਾ ਕਪਲ ਸਿੱਖ ਭਾਈਚਾਰੇ ਵਿੱਚੋਂ ਨਹੀਂ ਹੈ। ਸਹਿਜ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੇ ਇਕ ਗੀਤ ‘ਤੇ ਅਦਾਕਾਰੀ ਕਰਕੇ ਪੂਰੀ ਦੁਨੀਆ ਨੂੰ ਹਲੂਣਿਆ ਹੈ। ਇਹ ਦੋਵੇਂ ਪਤੀ-ਪਤਨੀ ਬਿੱਗ ਬੌਸ ‘ਚ ਜਾਣ ਲਈ ਅਜਿਹੀਆਂ ਹਰਕਤਾਂ ਕਰ ਰਹੇ ਹਨ। ਮੰਗੂ ਨੇ ਕਿਹਾ ਕਿ ਇਸ ਜੋੜੇ ਨੇ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਪੋਸਟ ਕਰਕੇ ਇਕ ਵਾਰ ਫਿਰ ਲੋਕਾਂ ਨੂੰ ਆਪਣੇ ਖਿਲਾਫ ਕਰ ਦਿੱਤਾ ਹੈ।
ਉਸ ਨੇ ਕਿਹਾ ਕਿ ਇਸ ਜੋੜੇ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜੇ ਸਹਿਜ ਨੇ ਜਲਦੀ ਹੀ ਮੁਆਫੀ ਨਾ ਮੰਗੀ ਤਾਂ ਉਹ ਉਨ੍ਹਾਂ ਦੇ ਰੈਸਟੋਰੈਂਟ ਨੂੰ ਅੱਗ ਲਗਾ ਦੇਣਗੇ। ਮੰਗੂ ਮੁਤਾਬਕ ਫਿਲਹਾਲ ਸਹਿਜ ਦਾ ਨੰਬਰ ਬੰਦ ਹੈ। ਉਸ ਨੂੰ ਸੁਨੇਹਾ ਭੇਜਿਆ ਗਿਆ ਹੈ ਕਿ ਉਹ ਜਲਦੀ ਮੁਆਫੀ ਮੰਗੇ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕੁਲਹੜ ਪੀਜ਼ਾ ਜੋੜੇ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਕੁੜੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਜੋ ਪਹਿਲਾਂ ਜੋੜੇ ਦੇ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ। ਨੌਜਵਾਨ ਸਹਿਜ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟੀਕਰਨ ਦਿੱਤਾ ਸੀ ਕਿ ਇਹ ਵੀਡੀਓ ਉਨ੍ਹਾਂ ਦੀ ਨਹੀਂ ਹੈ। ਉਸ ਵੀਡੀਓ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਰਾਹੀਂ ਬਣਾਇਆ ਗਿਆ ਹੈ। ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਵੀਡੀਓ ਵਾਇਰਲ ਨਾ ਕਰਨ ਦੀ ਵੀ ਅਪੀਲ ਕੀਤੀ ਸੀ। ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋੜੇ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਇਸ ਤੋਂ ਬਾਅਦ ਉਸ ਨੇ ਕਰਵਾ ਚੌਥ ਵਾਲੇ ਦਿਨ ਆਪਣਾ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ਕਰਵਾ ਚੌਥ ਦੀਆਂ ਤਿਆਰੀਆਂ ਬਾਰੇ ਦੱਸਿਆ ਅਤੇ ਪੂਜਾ ਅਰਚਨਾ ਕੀਤੀ। ਇਹ ਜੋੜਾ ਫਿਰ ਤੋਂ ਸੋਸ਼ਲ ਮੀਡੀਆ ‘ਤੇ ਐਕਟਿਵ ਹੋ ਗਿਆ ਹੈ।