Jalandhar ‘ਚ ਨੌਜਵਾਨ ਦੇ ਹਮਲਾਵਰਾਂ ਨੇ ਵਰ੍ਹਾਏ ਰੌਂਦ, ਨਹੀਂ ਦੇਖਿਆ ਜਾਂਦਾ ਭੁੱਬਂ ਮਾਰਦਾ ਪਰਿਵਾਰ

ਬਾਬਾ ਬੁੱਢਾ ਜੀ ਨਗਰ ਰਾਮਾ ਮੰਡੀ ’ਚ ਸੋਮਵਾਰ ਰਾਤ ਨੂੰ 2 ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲ਼ੀਆਂ ਚੱਲੀਆਂ ਅਤੇ ਗੋਲ਼ੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਆਲੂ ਪੁੱਤਰ ਵਿੱਕੀ ਨਿਵਾਸੀ ਬਾਬਾ ਬੁੱਢਾ ਜੀ ਨਗਰ ਵਜੋਂ ਹੋਈ ਹੈ। ਗੋਲ਼ੀ ਲੱਗਣ ਤੋਂ ਬਾਅਦ ਰੋਹਿਤ ਨੂੰ ਜ਼ਖ਼ਮੀ ਹਾਲਤ ’ਚ ਰਾਮਾ ਮੰਡੀ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ

ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸ ਦੀ ਮੌਤ ਹੋ ਗਈ। ਰੋਹਿਤ ਨੂੰ ਗੋਲ਼ੀ ਲੱਗਣ ਤੋਂ ਤੁਰੰਤ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨੇ ਹੁਸ਼ਿਆਰਪੁਰ ਰੋਡ ’ਤੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਤੇ ਆਵਾਜਾਈ ਵੀ ਜਾਮ ਕਰ ਦਿੱਤੀ। ਉਨ੍ਹਾਂ ਦੀ ਮੰਗ ਸੀ ਕਿ ਰੋਹਿਤ ਨੂੰ ਗੋਲ਼ੀ ਮਾਰਨ ਵਾਲੇ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਧਰਨੇ ਤੋਂ ਨਹੀਂ ਉੱਠਣਗੇ।

ਮੌਕੇ ’ਤੇ ਪਹੁੰਚੇ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ, ਐੱਸ. ਐੱਚ. ਓ. ਰਾਮਾ ਮੰਡੀ ਰਾਜੇਸ਼ ਕੁਮਾਰ ਅਰੋੜਾ ਤੇ ਦਕੋਹਾ ਚੌਂਕੀ ਦੇ ਇੰਚਾਰਜ ਮਦਨ ਸਿੰਘ ਨੇ ਧਰਨੇ ’ਤੇ ਬੈਠੇ ਲੋਕਾਂ ਨੂੰ ਇਨਸਾਫ਼ ਦਾ ਭਰੋਸਾ ਦੇ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਦੇਰ ਰਾਤ ਤੱਕ ਉਨ੍ਹਾਂ ਨੇ ਧਰਨਾ ਨਾ ਖ਼ਤਮ ਕੀਤਾ। ਜਾਣਕਾਰੀ ਮੁਤਾਬਕ ਨੌਜਵਾਨ ਦੀਵਾਲੀ ਮੌਕੇ ਆਪਣੀ ਭੈਣ ਨੂੰ ਮਿਲਣ ਆਇਆ ਹੋਇਆ ਸੀ। ਰੋਹਿਤ ਦੀ ਮੌਤ ਦੀ ਖ਼ਬਰ ਸੁਣ ਕੇ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਹੋਰ ਵਧ ਗਿਆ।

ਰੋਹਿਤ ਕੁਮਾਰ ਦੀ ਭੈਣ ਛਾਇਆ ਨੇ ਮੀਡੀਆ ਅਤੇ ਪੁਲਸ ਨੂੰ ਰੋਹਿਤ ਨੂੰ ਗੋਲ਼ੀ ਮਾਰਨ ਵਾਲੇ ਲੋਕਾਂ ਦੇ ਨਾਂ ਖੁੱਲ੍ਹ ਕੇ ਦੱਸੇ। ਉਨ੍ਹਾਂ ਕਿਹਾ ਕਿ ਅੱਜ ਹਮਲਾ ਕਰਨ ਵਾਲੇ ਵਿਅਕਤੀਆਂ ਨੇ ਪਹਿਲਾਂ ਵੀ ਹਮਲਾ ਕੀਤਾ ਸੀ ਅਤੇ ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਦੇ ਹੌਂਸਲੇ ਹੋਰ ਵਧ ਗਏ ਅਤੇ ਅੱਜ ਉਨ੍ਹਾਂ ਨੇ ਮੁੜ ਹਮਲਾ ਕਰ ਦਿੱਤਾ ਅਤੇ ਗੋਲ਼ੀਆਂ ਵੀ ਚਲਾ ਦਿੱਤੀਆਂ। ਦੇਰ ਰਾਤ ਤੱਕ ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਤੇ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।