ਫਰੀਦਕੋਟ ਦੇ ਪਿੰਡ ਕਲੇਰ ਦੇ ਸਰਕਾਰੀ ਮਿਡਲ ਸਕੂਲ ਵਿਚ ਸੰਗਰੂਰ ਜ਼ਿਲ੍ਹੇ ਦੇ ਇਕ ਨੌਜਵਾਨ ਲੜਕੇ ਅਤੇ ਬਰਨਾਲਾ ਜ਼ਿਲ੍ਹੇ ਦੀ ਇਕ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਕੂਲ ਦਾ ਇਕ ਕਰਮਚਾਰੀ ਸਫ਼ਾਈ ਲਈ ਪਹੁੰਚਿਆ ਦੋਵਾਂ ਨੂੰ ਜ਼ਮੀਨ ’ਤੇ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੇ ਮਾਮਲੇ ਦੀ ਸੂਚਨਾ ਪਿੰਡ ਦੀ ਪੰਚਾਇਤ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪੁਲਸ ਨੂੰ ਬੁਲਾਇਆ ਗਿਆ।
ਦੋਵੇਂ ਬੇਸੁੱਧ ਪਏ ਸਨ, ਜਿਨ੍ਹਾਂ ਵਿਚੋਂ ਲੜਕੇ ਦੀ ਮੌਤ ਹੋ ਚੁੱਕੀ ਸੀ ਜਦਕਿ ਲੜਕੀ ਸਾਹ ਲੈ ਰਹੀ ਸੀ। ਇਸ ਦੌਰਾਨ ਲੜਕੀ ਨੂੰ ਤੁਰੰਤ ਫਰੀਦਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਝਲਾ ਦੇ ਰਹਿਣ ਵਾਲੇ ਬਿੰਦਰ ਸਿੰਘ ਅਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਦੀ ਰਹਿਣ ਵਾਲੀ ਹਰਮਨਦੀਪ ਕੌਰ ਵਜੋਂ ਹੋਈ ਹੈ।
ਜ਼ਹਿਰੀਲੀ ਦਵਾਈ ਪੀਣ ਤੋਂ ਪਹਿਲਾਂ ਉਸ ਨੇ ਸਕੂਲ ਦੇ ਬਾਥਰੂਮ ਦੀ ਕੰਧ ‘ਤੇ ਆਪਣੇ ਪਿੰਡ ਦਾ ਨਾਂ ਅਤੇ ਮੋਬਾਈਲ ਨੰਬਰ ਲਿਖ ਦਿੱਤਾ ਅਤੇ ਉਨ੍ਹਾਂ ’ਚੋਂ ਲੜਕੀ ਦਾ ਆਧਾਰ ਕਾਰਡ ਵੀ ਬਰਾਮਦ ਕਰ ਲਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਦੋਵੇਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ ਅਤੇ ਸਕੂਲ ਆਉਣ ਤੋਂ ਬਾਅਦ ਉਨ੍ਹਾਂ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਜਾਂਚ ਥਾਣਾ ਸਦਰ ਦੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਦਸ ਦਈਏ ਕਿ ਦੋਵਾਂ ਦੀਆਂ ਲਾਸ਼ਾਂ ਕੋਲੋਂ ਇਕ ਕਾਪੀ ਬਰਾਮਦ ਹੋਈ ਹੈ ਜਿਸ ’ਚ ਉਨ੍ਹਾਂ ਵੱਲੋਂ ਆਪਣੇ ਪ੍ਰੇਮ ਸੰਬੰਧਾਂ ਬਾਰੇ ਜ਼ਿਕਰ ਕਰ ਆਪਣੇ ਪਰਿਵਾਰਾਂ ਤੋਂ ਇਹ ਕਦਮ ਚੁੱਕਣ ਲਈ ਮੁਆਫ਼ੀ ਮੰਗੀ ਹੈ। ਪੁਲਸ ਮੁਤਾਬਕ ਲੜਕੀ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਕੁਆਰੀ ਸੀ ਅਤੇ ਲੜਕੇ ਦੀ ਉਮਰ ਕਰੀਬ 30 ਸਾਲ ਹੈ, ਜੋ ਵਿਹਾਇਆ ਹੋਇਆ ਸੀ ਅਤੇ ਪ੍ਰੇਮ ਸੰਬੰਧਾਂ ਦੇ ਚਲੱਦੇ ਉਹ ਘਰੋਂ ਨਿਕਲ ਕੇ ਆਏ ਸਨ ਅਤੇ ਫਰੀਦਕੋਟ ਆ ਕੇ ਹੀ ਉਨ੍ਹਾਂ ਵੱਲੋਂ ਆਤਮਹੱਤਿਆ ਕਿਉਂ ਕੀਤੀ ਗਈ ਇਸ ਬਾਰੇ ਸਾਫ ਨਹੀਂ ਹੋ ਸਕਿਆ ਹੈ। ਫਿਲਹਾਲ ਦੋਵਾਂ ਦੇ ਪਰਿਵਾਰਾਂ ਨਾਲ ਰਾਬਤਾ ਕਾਇਮ ਕਰ ਪੁਲਸ ਵੱਲੋਂ ਸੂਚਨਾਂ ਦੇ ਦਿੱਤੀ ਗਈ ਹੈ ਅਤੇ ਪਰਿਵਾਰਕ ਮੈਬਰਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।