ਨਗਰ ਨਿਗਮ ਵੱਲੋਂ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਹਾਲ ਹੀ ਵਿਚ ਨਗਰ ਨਿਗਮ ਨੇ ਆਰੀਆ ਸਮਾਜ ਚੌਕ, ਮਹਿਣਾ ਚੌਕ ਅਤੇ ਕਚਹਿਰੀ ਰੋਡ ‘ਤੇ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਕੀਤੇ ਕਬਜ਼ੇ ਹਟਾਏ ਸਨ। ਮੰਗਲਵਾਰ ਨੂੰ ਰੇਲਵੇ ਸਟੇਸ਼ਨ ਨੇੜੇ ਸਥਿਤ ਮੱਛੀ ਮਾਰਕੀਟ ‘ਚ ਨਗਰ ਨਿਗਮ ਦੀ ਤਹਿ ਬਾਜ਼ਾਰੀ ਟੀਮ ਨੇ ਲੋਕਾਂ ਦੀਆਂ ਦੁਕਾਨਾਂ ਦੇ ਬਾਹਰ ਬਣਾਏ ਗਏ ਥੜੇ ਢਾਹ ਦਿੱਤੇ ਅਤੇ
ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਸੜਕ ਨੂੰ ਇਕ ਵਾਰ ਪੂਰੀ ਤਰ੍ਹਾਂ ਸਾਫ ਕਰਵਾ ਲਿਆ ਗਿਆ। ਇਸ ਵਿਚ ਤਿੰਨ ਦਰਜਨ ਦੇ ਕਰੀਬ ਦੁਕਾਨਦਾਰਾਂ ਨੇ ਦੁਕਾਨ ਦੇ ਬਾਹਰ ਵਰਾਂਡੇ ‘ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਕਰੀਬ 10 ਫੁੱਟ ਤਕ ਚੌੜੇ ਥੜੇ ਬਣਾ ਕੇ ਕਬਜ਼ਾ ਕੀਤਾ ਹੋਇਆ ਸੀ। ਇਸ ਕਾਰਨ ਆਵਾਜਾਈ ਦੀ ਸਮੱਸਿਆ ਪੈਦਾ ਹੋ ਰਹੀ ਸੀ। ਮੁਲਤਾਨੀਆ ਪੁਲ ਦੇ ਬੰਦ ਹੋਣ ਕਾਰਨ ਰੇਲਵੇ ਰੋਡ ਅਤੇ ਮਾਲ ਰੋਡ ਦੀ ਮੁੱਖ ਸੜਕ ‘ਤੇ ਪਿਛਲੇ ਕੁਝ ਦਿਨਾਂ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸਵੇਰ-ਸ਼ਾਮ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਮੱਦੇਨਜ਼ਰ ਨਗਰ ਨਿਗਮ ਦੀ ਟੀਮ ਨੇ ਜੇਸੀਬੀ ਲੈ ਕੇ ਬਾਜ਼ਾਰ ਵਿਚ ਬਣੇ ਨਾਜਾਇਜ਼ ਥੜਿ੍ਹਆਂ ਨੂੰ ਤੋੜਿਆ ਅਤੇ ਸਾਮਾਨ ਨੂੰ ਸੜਕ ਤੋਂ ਹਟਾ ਕੇ ਨਾਜਾਇਜ਼ ਕਬਜ਼ੇ ਹਟਵਾਏ। ਨਗਰ ਨਿਗਮ ਦੇ ਅਧਿਕਾਰੀ ਸਾਹਿਲ ਸ਼ਰਮਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਹੋਣ ਕਾਰਨ ਮਾਲ ਰੋਡ ਅਤੇ ਮੱਛੀ ਮੰਡੀ ਵਿਚ ਵਾਹਨਾਂ ਦੀ ਕਾਫੀ ਭੀੜ ਰਹਿੰਦੀ ਹੈ। ਇਸ ਦੌਰਾਨ ਦੁਕਾਨਦਾਰਾਂ ਨੇ ਸੜਕਾਂ ਦੇ ਨਾਲ-ਨਾਲ ਨਗਰ ਨਿਗਮ ਦੇ ਵਰਾਂਡੇ ‘ਤੇ ਸਟਾਲ ਬਣਾ ਕੇ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ਾ ਕਰ ਲਿਆ ਸੀ।
ਇਸ ਸੜਕ ਨੂੰ ਖੋਲ੍ਹਣ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਨਗਰ ਨਿਗਮ ਨੇ ਮੰਗਲਵਾਰ ਬਾਅਦ ਦੁਪਹਿਰ ਨਾਜਾਇਜ਼ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਤਹਿਤ ਸਾਰੀਆਂ ਦੁਕਾਨਾਂ ਦੇ ਬਾਹਰੋਂ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਦੂਜੇ ਪਾਸੇ ਕਾਂਗਰਸ ਭਵਨ ਦੇ ਨਾਲ-ਨਾਲ ਪਏ ਕਬਜ਼ਿਆਂ ਨੂੰ ਵੀ ਨੂੰ ਵੀ ਹਟਾ ਦਿੱਤਾ ਗਿਆ ਅਤੇ ਦੇਰ ਸ਼ਾਮ ਤਕ ਸੜਕ ਨੂੰ ਖੋਲ੍ਹ ਦਿੱਤਾ ਗਿਆ। ਫਿਲਹਾਲ ਸੜਕ ਕਿਨਾਰੇ ਤੋਂ ਕਬਜ਼ੇ ਹਟਾਉਣ ਤੋਂ ਬਾਅਦ ਮੱਛੀ ਮਾਰਕੀਟ ਨੂੰ ਜਾਣ ਵਾਲੀ ਸੜਕ ਹੁਣ 40 ਫੁੱਟ ਦੇ ਕਰੀਬ ਚੌੜੀ ਹੋ ਗਈ ਹੈ।ਇਸ ਨਾਲ ਲੋਕਾਂ ਨੂੰ ਦਿੱਕਤਾਂ ਤੋਂ ਰਾਹਤ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਹੋਰ ਬਾਜ਼ਾਰਾਂ ਦਾ ਵੀ ਸਰਵੇ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਕਿਤੇ ਵੀ ਸੜਕਾਂ ਅਤੇ ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ ਕਰ ਕੇ ਆਵਾਜਾਈ ਲਈ ਸਮੱਸਿਆ ਪੈਦਾ ਕੀਤੀ ਜਾ ਰਹੀ ਹੈ, ਉਨਾਂ੍ਹ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।