ਉੱਤਰ ਪ੍ਰਦੇਸ਼ (UP) ਦੇ ਬਰੇਲੀ ਦੇ ਹਾਫਿਜ਼ਗੰਜ ਥਾਣਾ ਇਲਾਕੇ ਦੇ ਲਾਡਪੁਰ ਗੌਂਟੀਆ ਪਿੰਡ ਵਿਚ 11 ਸਾਲ ਉਮਰ ਦੀ ਲੜਕੀ ਦੀ ਦੇਹ ਲਟਕਦੀ ਮਿਲੀ ਹੈ। ਉਸ ਦੀ ਪਿੱਠ ਉਤੇ ਸੱਟ ਦੇ ਨਿਸ਼ਾਨ ਵੀ ਮਿਲੇ ਹਨ। ਇਸ ਘਟਨਾ ਸਮੇਂ ਉਹ ਘਰ ਵਿਚ ਇਕੱਲੀ ਸੀ। ਘਰ ਪਰਤੇ ਮਾਪਿਆਂ ਨੇ ਉਸ ਦੇ ਕਤਲ ਦਾ ਦੋਸ਼ ਲਾਇਆ। ਉਨ੍ਹਾਂ ਨੇ ਕੁੜਮ ਗੰਗਾਦੇਵ ਦੇ ਖਿਲਾਫ ਕਤਲ ਦੀ ਰਿਪੋਰਟ ਦਰਜ ਕਰਵਾਈ ਹੈ। ਪੋਸਟ ਮਾਰਟਮ ਅਤੇ ਵੀਡੀਓਗ੍ਰਾਫੀ ਰਾਹੀਂ ਸੱਚਾਈ ਸਾਹਮਣੇ ਆਵੇਗੀ। ਪੁਲਿਸ ਨੇ ਗੰਗਾਦੇਵ ਅਤੇ ਉਸ ਦੇ ਪੁੱਤਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਲਾਡਪੁਰ ਗੌਂਟੀਆ ਦਾ ਰਹਿਣ ਵਾਲਾ ਧਰਮਿੰਦਰ ਕੁਮਾਰ ਖੇਤੀਬਾੜੀ ਕਰਦਾ ਹੈ। ਉਸ ਦੀ ਪਤਨੀ ਆਸ਼ਾ ਵਰਕਰ ਹੈ। ਉਨ੍ਹਾਂ ਦੀ 11 ਸਾਲਾ ਧੀ ਰਿਧੀਮਾ ਗੰਗਵਾਰ ਪੰਜਵੀਂ ਜਮਾਤ ਦੀ ਵਿਦਿਆਰਥਣ ਸੀ। ਧਰਮਿੰਦਰ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਆਪਣੀ ਪਤਨੀ ਨਾਲ ਇਕ ਮੀਟਿੰਗ ਲਈ ਗਿਆ ਸੀ। ਬੇਟੀ ਘਰ ਵਿਚ ਇਕੱਲੀ ਸੀ। ਜਦੋਂ ਉਹ ਘਰ ਆਏ ਤਾਂ ਉਨ੍ਹਾਂ ਦੀ ਬੇਟੀ ਦੀ ਦੇਹ ਦਰਵਾਜ਼ੇ ਦੇ ਫਰੇਮ ਨਾਲ ਲਟਕਦੀ ਮਿਲੀ।
ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਇੰਸਪੈਕਟਰ ਹਾਫਿਜ਼ਗੰਜ ਪਿੰਡ ਪਹੁੰਚੇ। ਬਾਅਦ ਵਿੱਚ ਐਸ. ਐਸ. ਪੀ. ਘੁਲੇ ਸੁਸ਼ੀਲ ਚੰਦਰਭਾਨ, ਐਸ. ਪੀ. ਦੇਹਾਤ ਮੁਕੇਸ਼ ਮਿਸ਼ਰਾ, ਸੀਓ ਨਵਾਬਗੰਜ ਚਮਨ ਸਿੰਘ ਚਾਵੜਾ ਵੀ ਫੋਰੈਂਸਿਕ ਟੀਮ ਅਤੇ ਕੁੱਤਿਆਂ ਦੀ ਟੀਮ ਨਾਲ ਪਹੁੰਚ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੱਟ-ਮਾਰ ਕਾਰਨ ਰਿਧੀਮਾ ਦੀ ਪਿੱਠ ਉਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ। ਧਰਮਿੰਦਰ ਨੇ ਪਿੰਡ ਵਾਸੀ ਆਪਣੇ ਕੁੜਮ ਗੰਗਾਦੇਵ ਖਿਲਾਫ ਆਪਣੀ ਧੀ ਦੇ ਕ-ਤ-ਲ ਦੀ ਰਿਪੋਰਟ ਦਰਜ ਕਰਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਗੰਗਾਦੇਵ ਨਾਲ ਰੰਜਿਸ਼ ਚੱਲ ਰਹੀ ਸੀ।
ਕੁੜਮ ਹੈ ਆਰੋਪੀ
ਧਰਮਿੰਦਰ ਵਲੋਂ ਜਿਸ ਗੰਗਾਦੇਵ ਨੂੰ ਕ-ਤ-ਲ ਦਾ ਮੁੱਖ ਦੋਸ਼ੀ ਦੱਸਿਆ ਗਿਆ ਹੈ, ਉਹ ਉਸ ਦੇ ਬੇਟੇ ਪਵਨ ਦਾ ਸਹੁਰਾ ਹੈ। ਇਕ ਸਾਲ ਪਹਿਲਾਂ ਪਵਨ ਨੇ ਭੂਤਾ ਦੇ ਮੰਦਰ ਵਿਚ ਉਸ ਦੀ ਬੇਟੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਸ ਸਮੇਂ ਧਰਮਿੰਦਰ ਅਤੇ ਉਨ੍ਹਾਂ ਦਾ ਪਰਿਵਾਰ ਵਿਆਹ ਵਿਚ ਸ਼ਾਮਲ ਨਹੀਂ ਹੋਇਆ ਸੀ ਪਰ ਗੰਗਾਦੇਵ ਅਤੇ ਉਨ੍ਹਾਂ ਦਾ ਪਰਿਵਾਰ ਪਵਨ ਦੇ ਨਾਲ ਸੀ। ਧਰਮਿੰਦਰ ਨੇ ਪਵਨ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ। ਇਸ ਜਾਇਦਾਦ ਵਿੱਚ ਇੱਕ ਮਕਾਨ, ਨਕਦੀ ਅਤੇ ਗਹਿਣਿਆਂ ਦੇ ਨਾਲ-ਨਾਲ ਸਾਢੇ ਬਾਰਾਂ ਵਿੱਘੇ ਜ਼ਮੀਨ ਵੀ ਸ਼ਾਮਲ ਹੈ।
ਪੁਲਿਸ ਨੇ ਕਿਸੇ ਤੀਜੀ ਧਿਰ ਉਤੇ ਸ਼ੱਕ ਜਤਾਇਆ
ਸ਼ਿਕਾਇਤ ਅਨੁਸਾਰ ਪੁਲਿਸ ਨੇ ਰਿਪੋਰਟ ਦਰਜ ਕਰਕੇ ਗੰਗਾਦੇਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰ ਸਾਰੀਆਂ ਸੰਭਾਵਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਦੋ ਪਰਿਵਾਰਾਂ ਦੀ ਰੰਜਿਸ਼ ਵਿਚ ਕਿਸੇ ਤੀਜੇ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਹੋਵੇ। ਇਹ ਵੀ ਸੰਭਵ ਹੈ ਕਿ ਲੜਕੀ ਨੇ ਕੁਝ ਅਜਿਹਾ ਦੇਖਿਆ ਹੋਵੇਗਾ, ਜਿਸ ਕਾਰਨ ਕਾਤਲ ਨੇ ਉਸ ਨੂੰ ਮਾਰ ਕੇ ਫਾਹੇ ਤੇ ਲਟਕਾ ਦਿੱਤਾ। ਐਸ. ਪੀ. ਦੇਹਾਤ ਮੁਕੇਸ਼ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਹਰ ਪੁਆਇੰਟ ਉਤੇ ਜਾਂਚ ਕਰ ਰਹੀ ਹੈ, ਜੋ ਵੀ ਖੁਲਾਸਾ ਹੋਵੇਗਾ ਉਹ ਪੂਰੀ ਤਰ੍ਹਾਂ ਨਾਲ ਸਹੀ ਹੋਵੇਗਾ ਅਤੇ ਸਭ ਦੇ ਸਾਹਮਣੇ ਆ ਜਾਵੇਗਾ।