ਮੁੰਬਈ- ਮਰਹੂਮ ਅਭਿਨੇਤਾ ਇਰਫਾਨ ਖਾਨ ਦੀ ਫਿਲਮ ‘ਦਿ ਸੌਂਗ ਆਫ ਸਕਾਰਪੀਅਨ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਰਫਾਨ ਦੀ ਮੌਤ ਦੇ 3 ਸਾਲ ਬਾਅਦ ਇਹ ਫਿਲਮ ਸਿਨੇਮਾਘਰਾਂ ‘ਚ ਰਿਲੀਜ਼ ਲਈ ਤਿਆਰ ਹੈ। ਬੇਟੇ ਬਾਬਿਲ ਖਾਨ ਨੇ ਜਦੋਂ ਇਰਫਾਨ ਦੀ ਫਿਲਮ ‘ਦਿ ਸੌਂਗ ਆਫ ਸਕਾਰਪੀਅਨਜ਼’ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਆਪਣੇ ਚਹੇਤੇ ਅਦਾਕਾਰ ਨੂੰ ਇਕ ਵਾਰ ਫਿਰ ਤੋਂ ਪਰਦੇ ‘ਤੇ ਦੇਖਣ ਲਈ ਬੇਤਾਬ ਹਨ। ਇਹ ਟ੍ਰੇਲਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦਿ ਸੌਂਗ ਆਫ ਸਕਾਰਪੀਅਨ’ ਦਾ ਟ੍ਰੇਲਰ ਬੁੱਧਵਾਰ ਨੂੰ ਨਿਰਮਾਤਾਵਾਂ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਇਹ ਫਿਲਮ ਇਰਫਾਨ ਦੀ ਬਰਸੀ ਤੋਂ ਠੀਕ ਪਹਿਲਾਂ ਰਿਲੀਜ਼ ਹੋ ਰਹੀ ਹੈ। ਇਰਫਾਨ ਦੀ ਮੌਤ 29 ਅਪ੍ਰੈਲ 2020 ਨੂੰ ਹੋਈ ਸੀ ਅਤੇ ਇਹ ਫਿਲਮ 28 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਅਨੂਪ ਸਿੰਘ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਇਰਫਾਨ ਇਰਾਨੀ ਅਭਿਨੇਤਰੀ ਗੋਲਸ਼ਿਫਤੇ ਦੇ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਵੀ ਅਹਿਮ ਭੂਮਿਕਾ ‘ਚ ਨਜ਼ਰ ਆਵੇਗੀ।
ਟ੍ਰੇਲਰ ‘ਚ ਇਰਫਾਨ ਖਾਨ ਦਾ ਜ਼ਬਰਦਸਤ ਅੰਦਾਜ਼
‘ਦ ਸੌਂਗ ਆਫ ਸਕਾਰਪੀਅਨ’ ਦੇ ਟ੍ਰੇਲਰ ‘ਚ ਰਾਜਸਥਾਨ ਦਾ ਰੇਤਲਾ ਇਲਾਕਾ ਨਜ਼ਰ ਆ ਰਿਹਾ ਹੈ। ਫਿਲਮ ਵਿੱਚ ਇਰਫਾਨ ਖਾਨ ਨੇ ਇੱਕ ਊਠ ਵਪਾਰੀ ਦੀ ਭੂਮਿਕਾ ਨਿਭਾਈ ਹੈ। ਰਾਜਸਥਾਨੀ ਲੋਕ ਆਸਥਾ ਦੀ ਇਸ ਫ਼ਿਲਮ ਵਿੱਚ ਇਹ ਦੱਸਿਆ ਗਿਆ ਹੈ ਕਿ ਬਿੱਛੂ ਦੇ ਡੰਗਣ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਪਰ ਇਸ ਨੂੰ ਬਿੱਛੂ ਦੇ ਗੀਤ ਨਾਲ ਠੀਕ ਕੀਤਾ ਜਾ ਸਕਦਾ ਹੈ। ਨੂਰਾਨ ਇੱਕ ਬਿੱਛੂ ਗਾਇਕਾ ਹੈ। ਉਸਨੇ ਇਹ ਕਲਾ ਆਪਣੀ ਦਾਦੀ ਜ਼ੁਬੈਦਾ ਤੋਂ ਸਿੱਖੀ। ਇਰਫਾਨ ਨੂੰ ਨੂਰਾਨ ਨਾਲ ਪਿਆਰ ਹੋ ਜਾਂਦਾ ਹੈ। ਬਾਕੀ ਕਹਾਣੀ 28 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਦਿਖਾਈ ਦੇਵੇਗੀ।
ਫਿਲਮ ‘ਦਿ ਸੌਂਗ ਆਫ ਸਕਾਰਪੀਅਨ’ ਦੇ ਨਿਰਮਾਤਾ ਜੀਸ਼ਾਨ ਅਹਿਮਦ ਨੇ ਇਕ ਇੰਟਰਵਿਊ ‘ਚ ਕਿਹਾ ਹੈ ਕਿ ‘ਇਸ ਫਿਲਮ ਨਾਲ ਜੁੜਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਸਾਨੂੰ ਖੁਸ਼ੀ ਹੈ ਕਿ ਇਰਫਾਨ ਦੀ ਫਿਲਮ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਰਫਾਨ ਨੂੰ ਪਰਦੇ ‘ਤੇ ਆਖਰੀ ਵਾਰ ਦੇਖਣ ਦਾ ਮੌਕਾ ਮਿਲੇਗਾ, ਯਕੀਨ ਕਰੋ ਇਰਫਾਨ ਦਾ ਕਿਰਦਾਰ ਤੁਹਾਡਾ ਦਿਲ ਜਿੱਤ ਲਵੇਗਾ’।