ਪਰਾਲੀ ਸਾੜਨ ਤੋਂ ਰੋਕਣ ਆਏ ਇੱਕ ਸਰਕਾਰੀ ਅਧਿਕਾਰੀ ਨੂੰ ਕਿਸਾਨਾਂ ਨੇ ਘੇਰ ਲਿਆ। ਕਿਸਾਨਾਂ ਨੇ ਪਹਿਲਾਂ ਬੰਧਕ ਬਣਾਏ ਸਰਕਾਰੀ ਅਧਿਕਾਰੀ ਤੋਂ ਹੀ ਪਰਾਲੀ ਨੂੰ ਅੱਗ ਲਗਵਾਈ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਮੌਕੇ ਤੋਂ ਜਾਣ ਦਿੱਤਾ। ਕਿਸਾਨਾਂ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਵੀ ਕਰ ਦਿੱਤੀ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਸਾਨਾਂ ਦੀ ਇਸ ਹਰਕਤ ਲਈ ਨਿੰਦਾ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਨੂੰ ਕਿਹਾ ਹੈ।
ਇਸ ਘਟਨਾ ਖਫ਼ਾ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, “ਪਿਆਰੇ ਪੰਜਾਬੀਓ ਆਹ ਕਿਹੜੇ ਰਾਹਾਂ ‘ਤੇ ਤੁਰ ਪਏ ?? .. ਸਰਕਾਰੀ ਕਰਮਚਾਰੀ ਪਰਾਲ਼ੀ ਨਾ ਜਲਾਉਣ ਦਾ ਸੰਦੇਸ਼ ਲੈ ਕੇ ਗਿਆ ਪਰ ਓਸੇ ਤੋਂ ਅੱਗ ਲਗਵਾਈ..ਹਵਾ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਦਾ ਦਰਜਾ ਦਿੱਤਾ .. ਅਸੀਂ ਇਸ ਦਰਜੇ ਨੂੰ ਬਰਬਾਦ ਕਰਨ ਲਈ ਆਪਣੇ ਹੱਥਾਂ ‘ਚ ਤੀਲੀਆਂ ਲੈ ਕੇ ਅਪਣੇ ਬੱਚਿਆਂ ਦੇ ਹਿੱਸੇ ਦੀ ਆਕਸੀਜਨ ਨੂੰ ਖਤਮ ਕਰਨ ਲੱਗੇ ਹਾਂ…ਪਰਚਾ ਦਰਜ ਹੋਣ ਲੱਗਾ ਹੈ…”
ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗੀ ਮੁਆਫ਼ੀ
ਦੱਸਣਯੋਗ ਹੈ ਕਿ ਅਧਿਕਾਰੀਆਂ ਨੂੰ ਫੜ ਕੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਕਿਸਾਨਾਂ ਨੇ ਮੁਆਫ਼ੀ ਮੰਗ ਲਈ ਹੈ। ਪਰ ਉਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਉਹ ਇਸੇ ਤਰ੍ਹਾਂ ਅੱਗ ਲਗਾਉਣਾ ਜਾਰੀ ਰੱਖਣਗੇ। ਉਨ੍ਹਾਂ ਦਾ ਕਹਿਣਾ ਕਿ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ।
ਬਠਿੰਡਾ ਦੇ ਬੁਰਜ ਮਹਿਮਾ ਦੀ ਘਟਨਾ
ਇਹ ਘਟਨਾ ਬੁਰਜ ਮਹਿਮਾ ਦੀ ਦੱਸੀ ਜਾ ਰਹੀ ਹੈ। ਪੰਜਾਬ ਭਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਡੀਸੀ ਦਫ਼ਤਰ ਦੀ ਟੀਮ ਬੁਰਜ ਮਹਿਮਾ ਪਹੁੰਚੀ ਸੀ। ਸਰਕਾਰੀ ਅਧਿਕਾਰੀ ਨੂੰ ਦੇਖ ਕੇ ਕਿਸਾਨ ਇਕੱਠੇ ਹੋ ਗਏ ਅਤੇ ਟੀਮ ਨੂੰ ਘੇਰ ਲਿਆ। ਇਸ ਤੋਂ ਬਾਅਦ ਕਿਸਾਨਾਂ ਨੇ ਅਧਿਕਾਰੀ ਅਤੇ ਟੀਮ ਨੂੰ ਜਾਣ ਨਹੀਂ ਦਿੱਤਾ।
ਪਰਾਲੀ ਨੂੰ ਅੱਗ ਲਾਉਣ ਲਈ ਪਾਇਆ ਦਬਾਅ
ਦਰਅਸਲ ਕਿਸਾਨ ਸਰਕਾਰ ਦੀਆਂ ਨੀਤੀਆਂ ਅਤੇ ਪਿਛਲੀ ਬਕਾਇਆ ਰਾਹਤ ਰਾਸ਼ੀ ਬਾਰੇ ਪੁੱਛਣ ਲੱਗ ਪਏ। ਆਪਣੇ ਆਪ ਨੂੰ ਘਿਰਿਆ ਦੇਖ ਕੇ ਟੀਮ ਨੇ ਉਥੋਂ ਜਾਣਾ ਚਾਹਿਆ ਪਰ ਕਿਸਾਨਾਂ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ। ਕਿਸਾਨਾਂ ਨੇ ਦਬਾਅ ਬਣਾ ਕੇ ਅਧਿਕਾਰੀ ਨੂੰ ਪਰਾਲੀ ਸਾੜਨ ਲਈ ਕਿਹਾ ਗਿਆ। ਆਪਣੇ ਆਪ ਨੂੰ ਘਿਰਿਆ ਦੇਖ ਅਧਿਕਾਰੀ ਨੂੰ ਝੁਕਣਾ ਪਿਆ ਅਤੇ ਕਿਸਾਨਾਂ ਤੋਂ ਮਾਚਿਸ ਦੀ ਤਿੱਲੀ ਲੈ ਆਪ ਹੀ ਪਰਾਲੀ ਨੂੰ ਅੱਗ ਲਗਾਉਣੀ ਪੈ ਗਈ। ਜਿਸਦੀ ਵੀਡੀਓ ਹੁਣ ਵਾਇਰਲ ਜਾ ਚੁਕੀ ਹੈ।
News Source:-ਸਰਕਾਰੀ ਅਫ਼ਸਰ ਨਾਲ ਧੱਕੇ ਦੇ ਮਾਮਲੇ ‘ਚ ਕਿਸਾਨਾਂ ਨਾਲ ਖਫ਼ਾ ਹੋਏ CM ਮਾਨ; ਕਿਹਾ – ਕਰੋ ਪਰਚਾ ਦਰਜ