ਗੈਂਗਸਟਰ ਤੋਂ ਸਿਆਸਤਦਾਨ ਬਣੇ ਲੱਖਾ ਸਿਧਾਣਾ ਦੀ ਬੜ੍ਹਕ ਮਗਰੋਂ ਪੰਜਾਬ ਪੁਲਿਸ ਨੇ ਯੂ-ਟਰਨ ਲੈ ਲਿਆ ਹੈ। ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦਰਜ ਐਫਆਈਆਰ ਵਿੱਚੋਂ ਲੱਖਾ ਸਿਧਾਣਾ ਦਾ ਨਾਂ ਹਟਾ ਦਿੱਤਾ ਹੈ। ਲੱਖਾ ਦੇ ਹਮਾਇਤੀਆਂ ਨੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਸੀ।ਦੱਸ ਦਈਏ ਕਿ ਕਰੀਬ ਇੱਕ ਮਹੀਨੇ ਬਾਅਦ ਤਰਨ ਤਾਰਨ ਪੁਲਿਸ ਨੇ ਯੂ-ਟਰਨ ਲਿਆ ਹੈ। ਇਸ ਐਫਆਈਆਰ ਵਿੱਚ ਪੁਲਿਸ ਨੇ ਲੱਖਾ ਸਿਧਾਣਾ ਦੇ ਨਾਲ-ਨਾਲ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਤੇ 9 ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਾਸਲ ਜਾਣਕਾਰੀ ਅਨੁਸਾਰ ਐਫਆਈਆਰ ਵਿੱਚ ਲੱਖਾ ਸਿਧਾਣਾ ਤੇ ਲਖਬੀਰ ਸਿੰਘ ਤੋਂ ਇਲਾਵਾ ਨਛੱਤਰ ਸਿੰਘ, ਸਤਨਾਮ ਸਿੰਘ, ਗੁਰਕੀਰਤ ਸਿੰਘ, ਅਨਮੋਲ ਸੋਨੀ, ਚੜ੍ਹਤ ਸਿੰਘ, ਗੁਰਜੰਟ ਸਿੰਘ, ਮਹਾਂਵੀਰ ਸਿੰਘ, ਸੁਖਦੇਵ ਸਿੰਘ ਤੇ ਦਲਜੀਤ ਸਿੰਘ ਦੇ ਨਾਮ ਦਰਜ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ 2 ਸਤੰਬਰ ਨੂੰ ਫਿਰੌਤੀ ਮੰਗਣ ਤੇ ਸਰਹੱਦ ਪਾਰੋਂ ਹਥਿਆਰ ਤੇ ਨਸ਼ੀਲੇ ਪਦਾਰਥ ਮੰਗਵਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।
ਦੱਸ ਦਈਏ ਕਿ ਪੰਜਾਬ ਪੁਲਿਸ ਨੇ ਵਿਧਾਨ ਸਭਾ ਹਲਕਾ ਮੌੜ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਲੱਖਾ ਸਿਧਾਣਾ ਖ਼ਿਲਾਫ਼ ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਹਰੀਕੇ ਵਿੱਚ ਕੇਸ ਦਰਜ ਕੀਤਾ ਸੀ। ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਲੱਖਾ ਸਿਧਾਣਾ ‘ਆਪ’ ਸਰਕਾਰ ਵਿਰੁੱਧ ਨਿੱਤਰ ਆਏ ਸੀ। ਉਨ੍ਹਾਂ ਨੇ ਸੂਬਾ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ 9 ਅਕਤੂਬਰ ਨੂੰ ਪਿੰਡ ਮਹਿਰਾਜ ਦੀ ਅਨਾਜ ਮੰਡੀ ਵਿੱਚ ਵੱਡਾ ਇਕੱਠ ਰੱਖਿਆ ਹੈ।ਸਿਧਾਣਾ ਨੇ ਇਕੱਠ ਵਿੱਚ ਸੂਬੇ ਦੇ ਇਨਸਾਫ਼ ਪਸੰਦ ਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸੰਘਰਸ਼ ਕਰਨ ਵਾਲਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਲੱਖਾ ਸਿਧਾਣਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਸ ਉੱਪਰ ਕੇਜਰੀਵਾਲ ਤੇ ਰਾਘਵ ਚੱਢੇ ਦੇ ਹੁਕਮਾਂ ਤਹਿਤ ਐਨਡੀਪੀਐਸ ਦਾ ਝੂਠਾ ਕੇਸ ਦਾਇਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਕੇਸ ਤਰਨ ਤਾਰਨ ਵਿੱਚ ਦਰਜ ਕੀਤਾ ਗਿਆ ਸੀ। ਲੱਖਾ ਸਿਧਾਣਾ ਦੇ ਸਮਰਥਕਾਂ ਨੇ ਚੁਣੌਤੀ ਦਿੱਤੀ ਸੀ ਕਿ ਜਿੰਨੇ ਮਰਜ਼ੀ ਪਰਚੇ ਕਰਾ ਲਵੋ ਉਨ੍ਹਾਂ ਦੀ ਜ਼ੁਬਾਨ ਬੰਦ ਨਹੀਂ ਕਰ ਸਕਦੇ। ਦੱਸ ਦਈਏ ਕਿ ਲੱਕਾ ਸਿਧਾਣਾ ਕਿਸਾਨ ਅੰਦੋਲਨ ਦੌਰਾਨ ਉੱਭਰ ਕੇ ਸਾਹਮਣੇ ਆਏ ਸੀ। ਉਹ ਪੰਜਾਬੀ ਬੋਲੀ ਲਈ ਸੰਘਰਸ਼ ਕਰ ਰਹੇ ਹਨ। ਉਹ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਹਨ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਹਨ।