ਮੰਗ ਪੂਰੀ ਹੋਣ ਤੱਕ ਮ੍ਰਿਤਕ ਕਬੱਡੀ ਖਿਡਾਰੀ ਦਾ ਪਰਿਵਾਰ ਨਹੀਂ ਕਰੇਗਾ ਆਪਣੇ ਪੁੱਤਰ ਦਾ ਅੰਤਿਮ ਸਸਕਾਰ, ਜਾਣੋ ਕਾਰਨ

ਜ਼ਿਲ੍ਹਾ ਕਪੂਰਥਲਾ ਦੇ ਕਸਬਾ ਢਿੱਲਵਾਂ ਵਿੱਚ ਬੀਤੇ ਦਿਨ ਇੱਕ ਨੌਜਵਾਨ ਦਾ ਕੁੱਝ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਪਹਿਚਾਣ ਕਬੱਡੀ ਖਿਡਾਰੀ ਹਰਦੀਪ ਸਿੰਘ ਦੀਪਾ ਵਜੋਂ ਕੀਤੀ ਗਈ ਹੈ। ਪੀੜਤ ਪਰਿਵਾਰ ਕਤਲ ਮਗਰੋਂ ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਅਤੇ ਆਪਣੇ ਦੁੱਖ ਨੂੰ ਸਾਂਝਾ ਕੀਤਾ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਹਮਲਾਵਰਾਂ ਵਿੱਚੋਂ ਇੱਕ ਹਰਪ੍ਰੀਤ ਸਿੰਘ ਹੈਪੀ ਉਨ੍ਹਾਂ ਦਾ ਗਵਾਂਢੀ ਹੈ ਤੇ ਬੀਤੇ ਕੁੱਝ ਸਮੇਂ ਤੋਂ ਹਰਦੀਪ ਸਿੰਘ ਦੀਪਾ ਨਾਲ ਰੰਜਿਸ਼ ਰੱਖਦਾ ਸੀ। ਮ੍ਰਿਤਕ ਦੇ ਪਿਤਾ ਗੁਰਨਾਮ ਸਿੰਘ ਨੇ ਕਿਹਾ, “ਮੁਲਜ਼ਮ ਪਹਿਲਾਂ ਤੋਂ ਸਾਡੇ ਮੁੰਡੇ ਨਾਲ ਰੰਜਿਸ਼ ਰੱਖਦਾ ਸੀ। ਮੇਰਾ ਬੇਟਾ ਸ਼ਾਮੀ ਚਾਰ ਵਜੇ ਦੇ ਕਰੀਬ ਬਾਹਰ ਗਿਆ ਸੀ। ਉਸ ਮਗਰੋਂ ਸਾਨੂ ਉਦੋਂ ਪਤਾ ਲੱਗਿਆ ਜਦੋਂ ਗੁਆਂਢੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਬਾਹਰ ਆ ਕੇ ਵੇਖਿਆ ‘ਤੇ ਸਦਾ ਮੁੰਡਾ ਤੜਪਦਾ ਪਿਆ ਸੀ।”ਉਨ੍ਹਾਂ ਅੱਗੇ ਕਿਹਾ, “ਮੈਂ ਕਾਨੂੰਨ ਤੋਂ ਮੰਗ ਕਰਦਾਂ ਕਿ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਅੱਜ ਮੇਰਾ ਮੁੰਡਾ ਸੀ ਕੱਲ੍ਹ ਨੂੰ ਕਿਸੇ ਹੋਰ ਦਾ ਹੋ ਸਕਦਾ ਹੈ।” 28 ਸਾਲਾ ਕਬੱਡੀ ਖਿਡਾਰੀ ਦੇ ਮਾਤਾ ਨੇ ਦੱਸਿਆ, “ਇਨ੍ਹਾਂ ਮੇਰੇ ਮੁੰਡੇ ਨਾਲ ਦੋ-ਢਾਈ ਮਹੀਨੇ ਪਹਿਲਾਂ ਵੀ ਲੜਾਈ ਕੀਤੀ ਸੀ, ਹਾਲਾਂਕਿ ਮੇਰੇ ਬੇਟਾ ਸ਼ਾਂਤ ਸੁਭਾ ਦਾ ਸੀ ਅਤੇ ਲੜਦਾ ਨਹੀਂ ਹੁੰਦਾ ਸੀ। ਪਿੰਡ ਦੇ ਲੋਕਾਂ ਨੂੰ ਲੜਾਈ ਦਾ ਪਤਾ ਸੀ ਪਰ ਸਾਨੂੰ ਘਰੇ ਇਸ ਗੱਲ ਦਾ ਪਤਾ ਤੱਕ ਨਹੀਂ ਚੱਲਿਆ। ਫਿਰ ਹਰਪ੍ਰੀਤ ਜ਼ਿਆਦਾ ਘਰੋਂ ਬਾਹਰ ਰਹਿਣ ਲੱਗ ਪਿਆ।”

ਉਨ੍ਹਾਂ ਅੱਗੇ ਦੱਸਿਆ, “ਇੱਕ ਵਾਰਾਂ ਜਦੋਂ ਸਾਡਾ ਮੁੰਡਾ ਬਾਹਰ ਰਹਿੰਦਾ ਸੀ ਇਨ੍ਹਾਂ ਮੁਲਜ਼ਮਾਂ ਨੇ ਪਹਿਲਾਂ ਵੀ ਆਕੇ ਸਾਡੇ ਬੂਹੇ ਭੰਨੇ ਸਨ ਪਰ ਸਾਨੂੰ ਇਸਦੀ ਵਜ੍ਹਾ ਨਹੀਂ ਪਤਾ।”ਦੱਸ ਦੇਈਏ ਕਿ ਬੀਤੇ ਦਿਨ ਹਰਦੀਪ ਸਿੰਘ ਦੀਪਾ ਜਿਵੇਂ ਹੀ ਘਰ ਤੋਂ ਬਾਹਰ ਨਿਕਲਿਆ ਤਾਂ ਉਸ ਨੂੰ ਮੁਲਜ਼ਮਾਂ ਵੱਲੋਂ ਕਾਬੂ ਕਰ ਲਿਆ ਗਿਆ ਤੇ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਹਰਦੀਪ ਸਿੰਘ ਦੀਪਾ ਨੂੰ ਜ਼ਖ਼ਮੀ ਹਾਲਤ ਵਿੱਚ ਰਾਤ ਸਮੇਂ ਘਰ ਦੇ ਬਾਹਰ ਸੁੱਟ ਦਿੱਤਾ ਗਿਆ ਸੀ।

ਉਨ੍ਹਾਂ ਦਾ ਕਹਿਣਾ ਕਿ ਸਾਡੇ ਘਰ ਦਾ ਗੇਟ ਖੜਕਾਇਆ ਗਿਆ ਅਤੇ ਕਿਹਾ ਗਿਆ, ‘ਮਾਰਤਾ ਤੁਹਾਡਾ ਸ਼ੇਰ ਪੁੱਤਰ’, ਪਰ ਅਸੀਂ ਡਰਦੇ ਮਾਰੇ ਘਰ ਤੋਂ ਬਾਹਰ ਨਾ ਨਿਕਲੇ। ਲੋਕਾਂ ਵੱਲੋਂ ਰੌਲਾ ਪਾਉਂਣ ਉਪਰੰਤ ਜਦੋਂ ਅਸੀਂ ਘਰੋਂ ਬਾਹਰ ਦੇਖਿਆ ਤਾਂ ਦੀਪਾ ਜ਼ਖਮੀ ਹਾਲਤ ਵਿੱਚ ਤੜਫ਼ ਰਿਹਾ ਸੀ। ਜਿਸਨੂੰ ਤੁਰੰਤ ਜਲੰਧਰ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਹਰਦੀਪ ਸਿੰਘ ਦੀਪਾ ਅਤੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਵਿਚਾਲੇ ਕੁੱਝ ਸਮੇਂ ਤੋਂ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਦੋਹਾਂ ਵੱਲੋਂ ਇੱਕ ਦੂਜੇ ’ਤੇ ਪਹਿਲਾਂ ਵੀ ਜਾਨਲੇਵਾ ਹਮਲੇ ਕੀਤੇ ਗਏ, ਜਿਸ ਸੰਬੰਧੀ ਪੁਲਿਸ ਕੇਸ ਵੀ ਦਰਜ ਹਨ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਢਿੱਲਵਾਂ ਬਲਵੀਰ ਸਿੰਘ ਨੇ ਦੱਸਿਆ, “ਇਸ ਮਾਮਲੇ ਸਬੰਧੀ ਧਾਰਾ 302, 148, 149 ਆਈ.ਪੀ.ਸੀ. ਤਹਿਤ ਹਰਪ੍ਰੀਤ ਸਿੰਘ ਹੈਪੀ ਅਤੇ 5-6 ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ਵਿਚਕਾਰ ਰੰਜਿਸ਼ ਚਲ ਰਹੀ ਸੀ। ਪਹਿਲਾਂ ਇੱਕ ਨੇ ਦੂਜੇ ਨਾਲ ਕੁੱਟਮਾਰ ਕੀਤੀ ਅਤੇ ਉਸਤੋਂ ਬਾਅਦ ਦੂਜੇ ਵੱਲੋਂ ਰੰਜਿਸ਼ ਤਹਿਤ ਪਹਿਲੇ ਦਾ ਕਤਲ ਕਰ ਦਿੱਤਾ ਗਿਆ।”ਪਰ ਪਰਿਵਾਰ ਇਸ ਮੰਗ ਨੂੰ ਲੈ ਕੇ ਅੜਿਆ ਹੋਇਆ ਹੈ ਕਿ ਜਿੰਨੀ ਦੇਰ ਤੱਕ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਨੀ ਦੇਰ ਤੱਕ ਮ੍ਰਿਤਕ ਦੀਪਾ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਕਰਦੀ ਹੈ ਅਤੇ ਕਦੋਂ ਦੀਪਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *