ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਹਦੀਆਬਾਦ ਇਲਾਕੇ ਦੀ ਮੁਹੱਲਾ ਗ੍ਰੀਨ ਲੈਂਡ ਕਾਲੋਨੀ ’ਚ ਇਸੇ ਸਾਲ ਅਪ੍ਰੈਲ ’ਚ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਆਈ ਇਕ ਨਵ-ਵਿਆਹੁਤਾ ਦੀ ਭੇਤਤਰੇ ਹਾਲਾਤ ’ਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਲਾਕੇ ’ਚ ਸਥਿਤੀ ਉਸ ਸਮੇਂ ਬਹੁਤ ਗੰਭੀਰ ਹੋ ਗਈ ਜਦੋਂ ਮੁਹੱਲਾ ਗ੍ਰੀਨ ਲੈਂਡ ਕਾਲੋਨੀ ਪਹੁੰਚੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਿੱਧੇ ਤੌਰ ’ਤੇ ਸਹੁਰੇ ਪਰਿਵਾਰ ’ਤੇ ਉਨ੍ਹਾਂ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਦੋਸ਼ ਲਾਇਆ ਅਤੇ
ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ। ਪਰਿਵਾਰ ਮੁਤਾਬਕ ਮ੍ਰਿਤਕਾ ਦੇ ਸਰੀਰ ਦੇ ਕਈ ਹਿੱਸਿਆਂ ’ਤੇ ਸੱਟਾਂ ਦੇ ਨਿਸ਼ਾਨ ਹਨ। ਮ੍ਰਿਤਕਾ ਦੀ ਪਛਾਣ ਕੋਮਲ ਪਤਨੀ ਅਮਰਜੀਤ ਵਾਸੀ ਗ੍ਰੀਨ ਲੈਂਡ ਕਾਲੋਨੀ ਹਦੀਆਬਾਦ ਫਗਵਾੜਾ ਵਜੋਂ ਹੋਈ ਹੈ। ਥਾਣਾ ਸਤਨਾਮਪੁਰਾ ਫਗਵਾੜਾ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤੀ ਹੈ।
ਮਾਮਲੇ ਸਬੰਧੀ ਮ੍ਰਿਤਕਾ ਕੋਮਲ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਕੋਮਲ ਦਾ ਵਿਆਹ 12 ਅਪ੍ਰੈਲ ਨੂੰ ਅਮਰਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗ੍ਰੀਨ ਲੈਂਡ ਕਾਲੋਨੀ ਨਾਲ ਹੋਇਆ ਸੀ। ਉਸ ਨੇ ਸਹੁਰੇ ਪਰਿਵਾਰ ’ਤੇ ਪੈਸੇ ਨੂੰ ਲੈ ਕੇ ਉਸ ਦੀ ਧੀ ਨੂੰ ਤੰਗ ਕਰਨ ਦਾ ਦੋਸ਼ ਲਾਇਆ। ਸਰਬਜੀਤ ਕੌਰ ਨੇ ਕਿਹਾ ਕਿ ਉਸ ਦਾ ਸਹੁਰਾ ਪਰਿਵਾਰ ਕੋਮਲ ਨੂੰ ਫੋਨ ’ਤੇ ਪੇਕੇ ਗੱਲ ਵੀ ਨਹੀਂ ਕਰਵਾਉਂਦਾ ਸੀ ਅਤੇ ਨਾ ਹੀ ਉਸ ਨੂੰ ਆਪਣਾ ਮੋਬਾਈਲ ਲੈਣ ਦੀ ਖੁੱਲ੍ਹ ਸੀ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਪਤੀ ਅਮਰਜੀਤ ਸਿੰਘ, ਸੱਸ ਰਵਿੰਦਰ ਕੌਰ ਅਤੇ ਸਹੁਰੇ ਬਲਜੀਤ ਸਿੰਘ ’ਤੇ ਕਤਲ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਇਸ ਦੌਰਾਨ ਦੂਜੀ ਧਿਰ ਵੱਲੋਂ ਉਨ੍ਹਾਂ ’ਤੇ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਝੂਠ ਅਤੇ ਗਲਤ ਕਰਾਰ ਦਿੱਤਾ ਹੈ ਅਤੇ ਖੁਦ ਨੂੰ ਬੇਕਸੂਰ ਦੱਸਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਫਗਵਾੜਾ ਦੇ ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੇ ਆਧਾਰ ’ਤੇ
ਉਸਦੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੁਲਸ ਪੂਰੇ ਮਾਮਲੇ ਦੀ ਹਰ ਪੱਖੋ ਜਾਂਚ ਕਰ ਰਹੀ ਹੈ। ਐੱਸ. ਪੀ. ਗਿੱਲ ਨੇ ਦੱਸਿਆ ਕਿ ਹੁਣ ਤੱਕ ਦੀ ਪੁਲਸ ਜਾਂਚ ਅਤੇ ਮ੍ਰਿਤਕ ਦੇ ਪੇਕੇ ਪਰਿਵਾਰ ਵੱਲੋਂ ਲਾਏ ਜਾ ਰਹੇ ਦੋਸ਼ਾਂ ਅਨੁਸਾਰ ਇਹ ਮਾਮਲਾ ਕਤਲ ਦਾ ਜਾਪਦਾ ਹੈ। ਹਾਲਾਂਕਿ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।